ਗੁਰੂ ਜੀ ਦੇ ਵਿਆਹ ਪੁਰਬ ਲਈ ਪ੍ਰਸ਼ਾਸਨ ਪੱਬਾਂ ਭਾਰ

ਬਟਾਲਾ, 10 ਅਗਸਤ (ਰਛਪਾਲ ਸਿੰਘ, ਸੁਖਬੀਰ ਸਿੰਘ ਅੱਤੇਪੁਰ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਜ਼ਿਲਾ ਪ੍ਰਸ਼ਾਸਨ ਪਬਾਂ ਭਾਰ ਹੋ ਗਿਆ ਹੈ ਅਤੇ ਇਸ ਸਬੰਧੀ ਵਖ-ਵਖ ਵਿਭਾਗਾਂ ਨੂੰ ਜਿੰਮੇਵਾਰੀਆਂ ਸੌਂਪ ਦਿਤੀਆਂ ਗਈਆਂ ਹਨ। ਐਸ.ਡੀ.ਐਮ. ਬਟਾਲਾ ਸ੍ਰੀ ਰੋਹਿਤ ਗੁਪਤਾ ਵਲੋਂ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਅਜ ਆਪਣੇ ਦਫਤਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਬਟਾਲਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਟਾਲਾ ਵਿਖੇ 28 ਅਗਸਤ ਨੂੰ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਮੈਂਬਰ ਐਸ.ਜੀ.ਪੀ.ਸੀ. ਸ. ਗੁਰਨਾਮ ਸਿੰਘ ਜਸਲ ਅਤੇ ਮੈਨੇਜਰ ਗੁਰਦੁਆਰਾ ਕੰਧ ਸਾਹਿਬ ਗੁਰਤਿੰਦਰਪਾਲ ਸਿੰਘ ਮਾਂਟੂ ਨੇ ਵਿਆਹ ਪੁਰਬ ਦੇ ਸਮੁਚੇ ਪ੍ਰੋਗਰਾਮ ਤੋਂ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ। ਜਥੇਦਾਰ ਨੇ ਗੋਰਾ ਨੇ ਦੱਸਿਆ ਕਿ 27 ਅਗਸਤ ਸ਼ਾਮ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਰੂਪੀ ਬਰਾਤ ਬਟਾਲਾ ਸ਼ਹਿਰ ਵਿਖੇ ਪੁਹੰਚੇਗੀ ਅਤੇ ਰਾਤ ਦੇ ਠਹਿਰਾਅ ਤੋਂ ਬਾਅਦ 28 ਅਗਸਤ ਨੂੰ ਬਟਾਲਾ ਸ਼ਹਿਰ ‘ਚ ਨਗਰ ਕੀਰਤਨ ਸਜਾਇਆ ਜਾਵੇਗਾ। ਗੁਰਦੁਆਰਾ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਸ.ਡੀ.ਐਮ. ਬਟਾਲਾ ਨੇ ਪ੍ਰਸ਼ਾਸਨ ਵਲੋਂ ਹਰ ਤਰਾਂ ਦੇ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਮੌਕੇ ‘ਤੇ ਹੀ ਵਖ-ਵਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਉਹ ਵਿਆਹ ਪੁਰਬ ਦੀਆਂ ਤਿਆਰੀਆਂ ‘ਚ ਹੁਣ ਤੋਂ ਹੀ ਲਗ ਜਾਣ। ਇਸ ਮੌਕੇ ਸ. ਲਛਮਣ ਸਿੰਘ, ਵਰਿਆਮ ਸਿੰਘ, ਅਮਰਜੀਤ ਸਿੰਘ, ਰਾਮ ਅਨੰਦ ਸਿੰਘ (ਸਾਰੇ ਨਾਇਬ ਤਹਿਸੀਲਦਾਰ), ਬਲਦੇਵ ਸਿੰਘ ਬਾਜਵਾ ਐਸ.ਡੀ.ਓ. ਮੰਡੀ ਬੋਰਡ, ਐਸ.ਐਮ.ਓ. ਬਟਾਲਾ ਡਾ. ਸੰਜੀਵ ਭਲਾ, ਸੀ.ਡੀ.ਪੀ.ਓ. ਵਰਿੰਦਰ ਸਿੰਘ, ਗੁਰਦੁਆਰਾ ਡੇਹਰਾ ਦੇ ਮੈਨੇਜਰ ਕੁਲਵੰਤ ਸਿੰਘ ਜਫਰਵਾਲ, ਮੈਨੇਜਰ ਗੁਰਦੁਆਰਾ ਕੰਧ ਸਾਹਿਬ ਗੁਰਤਿੰਦਰਪਾਲ ਸਿੰਘ ਭਾਟੀਆ, ਬਲਜੀਤ ਸਿੰਘ ਮੈਨਜਰ ਗੁਰਦੁਆਰਾ ਅੱਚਲ ਸਾਹਿਬ, ਕੌਂਸਲਰ ਮਨਜੀਤ ਸਿੰਘ, ਰਜਿੰਦਰ ਸਿੰਘ ਪਦਮ ਤੋਂ ਇਲਾਵਾ ਵਖ-ਵਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Send this to a friend