ਉਨਾਵ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਉਤਰ ਪ੍ਰਦੇਸ਼ ਵਿੱਚ ਉਨਾਵ ਦੇ ਡੋਡੀਆਖੇੜਾ ਪਿੰਡ ਵਿੱਚ ਰਾਜਾ ਰਾਵ ਰਾਮਬਖਸ਼ ਸਿੰਘ ਦੇ ਖੰਡਰ ਹੋ ਚੁੱਕੇ ਕਿਲ੍ਹੇ ਵਿੱਚ ਦੱਬੇ ਦੱਸੇ ਗਏ 1000 ਟਨ ਸੋਨੇ ਦੀ ਖੋਜ ਦੇ ਲਈ ਖੁਦਾਈ ਦਾ ਅੱਜ ਤੀਸਰਾ ਦਿਨ ਵੀ ਬੀਤ ਗਿਆ। ਖੁਦਾਈ ਦੇ ਦੂਸਰੇ ਦਿਨ ਖੁਦਾਈ ਕਰਨ ਵਾਲੀ ਏ.ਐੱਸ.ਆਈ. ਨੇ ਕਹਿ ਦਿੱਤਾ ਹੈ ਕਿ ਇੱਥੋਂ ਕੋਈ ਸੋਨਾ ਮਿਲਣ ਵਾਲਾ ਨਹੀਂ ਹੈ,

ਜਦ ਕਿ ਸਾਧੂ ਸ਼ੋਭਨ ਸਰਕਾਰ ਦੇ ਸਮਰਥਕ ਆਪਣੇ ਗੱਲ ਉੱਪਰ ਹਾਲੇ ਵੀ ਅੜੇ ਹੋਏ ਹਨ। ਮਹੱਲ ਦੇ ਆਲੇ-ਦੁਆਲੇ ਲੱਗਣ ਵਾਲਾ ਮੇਲਾ ਹੁਣ ਲਗਭਗ ਖ਼ਤਮ ਹੋ ਗਿਆ ਹੈ ਅਤੇ ਆਸ-ਪਾਸ ਦੀ ਸੁਰੱਖਿਆ ਕਾਫੀ ਵਧਾਅ ਦਿੱਤੀ ਗਈ ਹੈ। ਏ.ਐੱਸ.ਆਈ. ਆਪਣੇ ਹਿਸਾਬ ਨਾਲ ਇੱਥੇ ਕੰਮ ਕਰ ਰਹੀ ਹੈ। ਜਿੱਥੋਂ ਤੱਕ ਸੋਨੇ ਦੀ ਗੱਲ ਹੈ ਉਸ ਨੇ ਸਾਫ ਕਹਿ ਦਿੱਤਾ ਹੈ ਕਿ ਡੋਡੀਆਖੇੜਾ ਵਿੱਚ ਕੋਈ ਸੋਨਾ ਨਹੀਂ ਹੈ, ਖਾਸ ਕਰ ਖਜ਼ਾਨੇ ਦਾ ਤਾਂ ਸੁਆਲ ਹੀ ਨਹੀਂ ਪੈਦਾ ਹੁੰਦਾ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਖਜ਼ਾਨਾ ਅਤੇ ਬਾਬੇ ਦੀ ਗੱਲ ਕਿੱਥੋਂ ਸ਼ੁਰੂ ਹੋਈ। ਇਸ ਬਾਰੇ ਏ.ਐੱਸ.ਆਈ. ਦਾ ਮੰਨਣਾ ਹੈ ਕਿ ਇਨ੍ਹਾਂ ਗੱਲਾਂ ਦੇ ਲਈ ਸਥਾਨਿਕ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਿਸ ਨੇ ਸਮੇਂ ਸਿਰ ਅਫ਼ਵਾਹਾਂ ਉੱਪਰ ਕਾਬੂ ਨਹੀਂ ਪਾਇਆ ਅਤੇ ਮੀਡੀਆ ਨੇ ਮਾਮਲੇ ਨੂੰ ਹਵਾ ਦੇ ਦਿੱਤੀ। ਏ.ਐੱਸ.ਆਈ. ਦੇ ਇਸ ਬਿਆਨ ਉੱਪਰ ਬਾਬਾ ਸ਼ੋਬਨ ਸਰਕਾਰ ਦੇ ਸਾਥੀ ਨਰਾਜ਼ ਹਨ ਅਤੇ ਉਹ ਆਪਣੀ 1000 ਟਨ ਸੋਨੇ ਦੀ ਗੱਲ ਉੱਪਰ ਕਾਇਮ ਹਨ। ਸਰਕਾਰ ਨੇ ਮਹੱਲ ਦੇ ਆਲੇ-ਦੁਆਲੇ ਪੀ.ਏ.ਸੀ. ਤਾਇਨਾਤ ਕਰ ਦਿੱਤੀ ਹੈ, ਜਦ ਕਿ ਇਲਾਕੇ ਦੇ ਸਿਆਸੀ ਵਰਕਰ ਇਸ ਮਾਮਲੇ ਵਿੱਚ ਵੀ ਸਿਆਸਤ ਵੇਖ ਰਹੇ ਹਨ। ਚੰਗੀ ਗੱਲ ਇਹ ਰਹੀ ਕਿ ਇੱਕ ਦਿਨ ਵਿੱਚ ਹੀ ਲੋਕਾਂ ਦੇ ਦਿਮਾਗ ਉੱਪਰ ਚੜ੍ਹਿਆ ਖ਼ਜ਼ਾਨੇ ਦਾ ਖੁਮਾਰ ਲੱਥ ਗਿਆ। ਇੱਥੇ ਲੱਗਾ ਮੇਲਾ ਉਜੜ ਚੁੱਕਾ ਹੈ ਅਤੇ ਮੁਸ਼ਕਿਲ ਨਾਲ ਹੀ ਗਿਣਤੀ ਦੇ ਕੁਝ ਲੋਕ ਬਚੇ ਹਨ। ਇਸੇ ਦੌਰਾਨ ਖੁਦਾਈ ਕਰ ਰਹੇ ਏ.ਐੱਸ.ਆਈ. ਅਧਿਕਾਰੀਆਂ ਨੇ ਕਿਹਾ ਹੈ ਕਿ ਇੱਥੇ ਖੁਦਾਈ ਦਾ ਕੰਮ ਇੱਕ ਮਹੀਨੇ ਤੱਕ ਚਲੱਗਾ।