June 22, 2026 8:49 pm

ਸ਼ਰੀਫ਼ ਵੱਲੋਂ ਕਸ਼ਮੀਰ ਮਸਲੇ ਦੇ ਹੱਲ ਲਈ ਅਮਰੀਕੀ ਦਖ਼ਲ ਦੀ ਮੰਗ

ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਗੁਆਂਢੀ ਪਾਕਿਸਤਾਨ ਕਿਸੇ ਪਾਰਟੀ ਦੀ ਸਰਕਾਰ ਆ ਜਾਵੇ ਭਾਰਤ ਨਾਲ ਉਸ ਦੇ ਸਬੰਧ ਆਮ ਵਾਂਗ ਨਹੀਂ ਹੋ ਸਕਦੇ। ਇਸ ਦਾ ਤਾਜ਼ਾ ਉਦਾਹਰਣ ਪੇਸ਼ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਮਸਲੇ ਉੱਪਰ ਨਵਾਂ ਪੱਤਾ ਸੁੱਟਿਆ ਹੈ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਪਣੀ ਪ੍ਰਸਤਾਵਤ ਗੱਲਬਾਤ ਤੋਂ ਪਹਿਲਾਂ ਸ਼ਰੀਫ਼ ਨੇ ਇਹ ਚਾਲ ਚੱਲੀ ਹੈ। ਉਨ੍ਹਾਂ ਨੇ ਕਸ਼ਮੀਰ ਦੇ ਹਾਲਾਤ ਨੂੰ ਕਾਫੀ ਖ਼ਤਰਨਾਕ ਦੱਸਦੇ ੋਹਏ ਓਬਾਮਾ ਨੂੰ ਇਸ ਮਾਮਲੇ ਵਿੱਚ ਦਖ਼ਲਅੰਦਾਜੀ ਕਰਨ ਦੀ ਮੰਗ ਕੀਤੀ ਹੈ, ਜਦ ਕਿ ਭਾਰਤ ਹਮੇਸ਼ਾ ਤੋਂ ਕਿਸੇ ਤੀਰਸੀ ਧਿਰ ਦੀ ਦਖਲਅੰਦਾਜੀ ਦੇ ਵਿਰੁੱਧ ਰਿਹਾ ਹੈ। ਦੂਜੇ ਪਾਸੇ ਸ਼ਰੀਫ਼ ਦੇ ਕਸ਼ਮੀਰ ਮੁੱਦੇ ਉੱਪਰ ਅਮਰੀਕੀ ਦਖ਼ਲ ਦੀ ਮੰਗ ਉੱਪਰ ਤੁਰੰਤ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੱਤਾਧਾਰੀ ਪਾਰਟੀ ਕਾਂਗਰਸ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਕਸ਼ਮੀਰ ਸਾਡਾ ਅੰਦਰੂਨੀ ਮਾਮਲਾ ਹੈ ਅਸੀਂ ਕਿਸੇ ਤੀਸਰੀ ਧਿਰ ਦੀ ਦਖ਼ਲਅੰਦਾਜੀ ਦਾ ਸਖ਼ਤ ਵਿਰੋਧ ਕਰਦੇ ਹਾਂ। ਕਾਂਗਰਸ ਨੇ ਸ਼ਰੀਫ਼ ਦੀ ਇਸ ਮੰਗ ਦੀ ਸਖ਼ਤ ਆਲੋਚਨਾ ਕੀਤੀ। ਨਵਾਜ਼ ਸ਼ਰੀਫ਼ ਨੇ ਰਾਸ਼ਟਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਤੋਂ ਪਹਿਲਾਂ ਇੱਕ ਵਾਰ ਫੇਰ ਕਸ਼ਮੀਰ ਮਸਲੇ ਉੱਪਰ ਅਮਰੀਕੀ ਵਿਚੋਲਗੀ ਦਾ ਰਾਗ ਅਲਾਪਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਵਿਚੋਲਗੀ ਲਈ ਤਿਆਰ ਹੋ ਜਾਵੇ ਤਾਂ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਕਸ਼ਮੀਰ ਮਸਲੇ ਦਾ ਹੱਲ ਹੋ ਜਾਵੇਗਾ।

Send this to a friend