ਸਮਰਾਲਾ, 20 ਅਕਤੂਬਰ (ਕਮਲਜੀਤ)– ਇਸ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਦਿਨ-ਦਿਹਾੜੇ ਹੋ ਰਹੀਆਂ ਚੋਰੀਆਂ, ਲੁੱਟਾਂ ਅਤੇ ਗੁੰਡਾਗਰਦੀ ਕਾਰਨ ਫੈਲ ਰਹੀ ਆਮ ਲੋਕਾਂ ਵਿੱਚ ਦਹਿਸ਼ਤ ਤੇ ਬਦਅਮਨੀ ਦੇ ਖਿਲਾਫ਼ ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ 21 ਅਕਤੂਬਰ ਨੂੰ ਇੱਕ ਵਿਸ਼ਾਲ ਰੋਸ ਮੁਜ਼ਾਹਰਾ ਅਤੇ ਰੋਸ ਧਰਨਾ ਦਿੱਤਾ ਜਾਵੇਗਾ। ਇਹ ਧਰਨਾ ਪਾਵਰਕਾਮ ਦੇ ਸ਼ਿਕਾਇਤ ਘਰ ਵਿਖੇ ਦਿੱਤੇ ਜਾਣ ਅਤੇ ਅਰਥੀ ਫੂਕ ਮੁਜ਼ਾਹਰੇ ਤੋਂ ਬਾਅਦ ਸ਼ਹਿਰ ਵਿੱਚੀਂ ਰੋਸ ਮਾਰਚ ਕੀਤਾ ਜਾਵੇਗਾ ਅਤੇ ਸਥਾਨਕ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਪੁੱਡਾ ਕੰਪਲੈਕਸ ਵਿੱਚ ਜਾ ਕੇ ਰੈਲੀ ਕੀਤੀ ਜਾਵੇਗੀ। ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ-ਕਨਵੀਨਰ ਕੁਲਵੰਤ ਸਿੰਘ ਤਰਕ ਅਨੁਸਾਰ ਇਸ ਰੋਸ ਵਿਖਾਵੇ ਵਿੱਚ ਹੋਰ ਭਰਾਤਰੀ ਜਥੇਬੰਦੀਆਂ ਵੀ ਸ਼ਾਮਿਲ ਹੋਣਗੀਆਂ, ਜਦਕਿ ਇਸ ਬਦਅਮਨੀ ਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਇਸ ਕਮੇਟੀ ਦੇ ਵਫਦ ਕਈ ਵਾਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਨ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।