June 22, 2026 6:04 pm

ਕਿਸਾਨਾਂ ਨੇ ਰੋਸ ਵਜੋਂ ਬਦਰੰਗ ਝੋਨਾ ਨਹਿਰ ‘ਚ ਸੁੱਟਿਆ

ਮਾਛੀਵਾੜਾ ਸਾਹਿਬ, 20 ਅਕਤੂਬਰ (ਕਰਮਜੀਤ ਸਿੰਘ ਆਜ਼ਾਦ)-ਮਾਛੀਵਾੜਾ ਅਨਾਜ ਮੰਡੀ ਵਿਚ ਪਿਛਲੇ ਕਈ ਕਈ ਦਿਨਾਂ ਤੋਂ ਆਪਣਾ ਬਦਰੰਗ ਝੋਨਾ ਵਿਕਣ ਦੇ ਇੰਤਜ਼ਾਰ ਵਿਚ ਬੈਠੇ ਕਿਸਾਨਾਂ ਵੱਲੋਂ ਰੋਸ ਵਜੋਂ ਨੇੜੇ ਵਗਦੀ ਸਰਹੰਦ ਨਹਿਰ ਵਿਚ ਇਹ ਝੋਨਾ ਸੁੱਟ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇ ਬਾਜੀ ਕੀਤੀ ਤੇ ਰਾਜਸੀ ਪਾਰਟੀਆਂ ਸੀ.ਪੀ.ਆਈ., ਸੀ.ਪੀ.ਐਮ. ਤੇ ਪੰਜਾਬ ਕਿਸਾਨ ਸਭਾ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ ਮਾਛੀਵਾੜਾ-ਸਮਰਾਲਾ ਰੋਡ ਤੇ 1 ਘੰਟਾ ਚੱਕਾ ਜਾਮ ਕੀਤਾ।
kisan
ਸੀ.ਪੀ.ਆਈ., ਸੀ.ਪੀ.ਐਮ. ਤੇ ਪੰਜਾਬ ਕਿਸਾਨ ਸਭਾ ਦੇ ਆਗੂ ਭਜਨ ਸਿੰਘ, ਮਨਜੀਤ ਸਿੰਘ ਉਧੋਵਾਲ, ਸੁੰਦਰ ਲਾਲ, ਰਣਬੀਰ ਸਿੰਘ, ਪ੍ਰਗਟ ਸਿੰਘ ਪੂੰਨੀਆਂ, ਸੰਤੋਖ ਸਿੰਘ ਸਵੈਚ, ਕ੍ਰਿਪਾਲ ਸਿੰਘ ਮੁਗਲੇਵਾਲ, ਰਜਿੰਦਰ ਸਿੰਘ ਚੀਮਾ, ਨਿਰਮਲ ਸਿੰਘ ਮੁਗਲੇਵਾਲ, ਸੁਰਜੀਤ ਸਿੰਘ ਮੰਡ ਉਧੋਵਾਲ, ਬਲਵਿੰਦਰ ਸਿੰਘ ਗਰੇਵਾਲ, ਬਲਜੀਤ ਸਿੰਘ ਬੁਰਜ ਪਵਾਤ, ਛਿੰਦਰਪਾਲ ਸਿੰਘ ਤੇ ਜਸਦੇਵ ਸਿੰਘ ਟਾਂਡਾ ਆਦਿ ਨੇ ਕਿਹਾ ਕਿ ਜੋ ਕਿਸਾਨਾਂ ਦਾ ਝੋਨਾ ਬਦਰੰਗ ਹੋਇਆ ਹੈ ਉਹ ਕੁਦਰਤੀ ਆਫ਼ਤ ਕਾਰਨ ਹੋਇਆ ਹੈ ਇਸ ਲਈ ਕੇਂਦਰ ਤੇ ਪੰਜਾਬ ਸਰਕਰ ਉਸਨੂੰ ਸਰਕਾਰੀ ਰੇਟ ਤੇ ਹੀ ਖਰੀਦੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਅਜੇ ਤੱਕ ਝੋਨੇ ਦੀ ਮੰਡੀਆਂ ਵਿਚ ਸ਼ੁਰੂਆਤ ਹੀ ਹੋਈ ਹੈ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ ਤੇ ਜਦੋਂ ਆਮਦ ਤੇਜ਼ ਹੋ ਜਾਵੇਗੀ ਤਾਂ ਕਿਸਾਨਾਂ ਦਾ ਬੁਰਾ ਹਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਬਦਰੰਗ ਝੋਨਾ ਸਰਕਾਰੀ ਰੇਟ ਤੇ ਖਰੀਦ ਲੈਂਦੀ ਹੈ ਤਾਂ ਸਾਰੀ ਸਮੱਸਿਆ ਦਾ ਹੱਲ ਹੋਵੇਗਾ ਤੇ ਜੇਕਰ ਉਨਾਂ ਦੀ ਇਸ ਮੰਗ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾਂ ਫਿਰ ਵੱਡੇ ਪੱਧਰ ‘ਤੇ ਕਿਸਾਨਾਂ ਨੂੰ ਲਾਮਬੰਦ ਕਰ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ ਤੇ ਸੜਕਾਂ ਤੇ ਰੋਜ਼ਾਨਾ ਧਰਨੇ ਲੱਗਣਗੇ ਤੇ ਆਮ ਲੋਕਾਂ ਦੇ ਪ੍ਰੇਸ਼ਾਨ ਹੋਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਇੱਕ ਮੰਗ ਪੱਤਰ ਵੀ ਪ੍ਰਸ਼ਾਸ਼ਨ ਨੂੰ ਦਿੱਤਾ ਤਾਂ ਜੋ ਕਿਸਾਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਸਕੇ। ਧਰਨਾ ਚੁੱਕਣ ਤੋਂ ਬਾਅਦ ਸਮੂਹ ਆਗੂ ਤੇ ਕਿਸਾਨ ਮੰਡੀਆਂ ਵਿਚ ਨਾ ਵਿਕਣ ਵਾਲਾ ਬਦਰੰਗ ਝੋਨਾ ਲੈ ਕੇ ਤਿੰਨ ਕਿਲੋਮੀਟਰ ਸਰਹੰਦ ਨਹਿਰ ਦੇ ਪੁਲ ਤੇ ਗਏ ਜਿੱਥੇ ਉਨ੍ਹਾਂ ਇਹ ਬਦਰੰਗ ਝੋਨਾ ਨਹਿਰ ਵਿਚ ਸੁੱਟਿਆ ਤੇ ਸਰਕਾਰ ਨੂੰ ਕੋਸਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ।

Send this to a friend