ਜਲੰਧਰ 02 ਅਗਸਤ 2017 – ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਅਤੇ ਉਨਾਂ ਦੇ ਮੁੜ ਵਸੇਬੇ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਸੁਰੂ ਕੀਤੀ ਗਈ ਹੈਲਪ ਲਾਈਨ ਨੂੰ ਪਹਿਲੇ ਹੀ ਦਿਨ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਇਸ ਹੈਲਪ ਲਾਈਨ ਜ਼ਰੀਏ 11 ਨਸ਼ੇ ਦੇ ਆਦੀ ਨੌਜਵਾਨਾਂ ਨੇ ਨਸ਼ਾ ਮੁਕਤੀ ਦੇ ਇਲਾਜ ਲਈ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ।
ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਨਸ਼ੇ ਦੇ ਆਦੀ 11 ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਨਾਂ ਨੌਜਵਾਨਾਂ ਦੇ ਇਲਾਜ ਲਈ ਹੈਲਪ ਲਾਈਨ ਦੀ ਵਰਤੋਂ ਕਰਦਿਆਂ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਹੈ। ਉਨਾਂ ਦੱਸਿਆ ਕਿ ਇਨਾਂ ਨੌਜਵਾਨਾਂ ਨੂੰ ਅੱਜ ਨਸ਼ਾ ਛੁਡਾਓ ਅਤੇ ਮੁੜ
ਵਸੇਬਾ ਕੇਂਦਰ ਵਿਖੇ ਉਨ੍ਹਾਂ ਦੇ ਮੁਆਇਨੇ ਲਈ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰੀ ਮੁਆਇਨੇ ਤੋਂ ਬਾਅਦ ’ਚ ਤਿੰਨ ਨੌਜਵਾਨਾਂ ਨੂੰ ਓ.ਪੀ.ਡੀ.ਸੇਵਾਵਾਂ ਦੇ ਕੇ ਡਿਸਚਾਰਜ ਕੀਤਾ ਗਿਆ ਜਦਕਿ 8 ਨੌਜਵਾਨਾਂ ਨੂੰ ਅਗਲੇਰੇ ਇਲਾਜ ਲਈ ਰੈਫਰ ਕੀਤਾ ਗਿਆ। ਵਿਭਾਗ ਦੀ ਹੈਲਪ ਲਾਈਨ ਨੂੰ ਮਿਲੇ ਹੁੰਗਾਰੇ ’ਤੇ ਤਸੱਲੀ ਜਾਹਿਰ ਕਰਦਿਆਂ ਸ੍ਰੀ ਸਿਨਹਾ ਨੇ ਕਿਹਾ ਕਿ ਜਲੰਧਰ ਸ਼ਹਿਰ ਨੂੰ ਮੁਕੰਮਲ ਰੂਪ ਵਿਚ ਨਸ਼ਾ ਮੁਕਤ ਕਰਵਾਉਣ ਲਈ ਪੁਲਿਸ ਕਮਿਸ਼ਨਰੇਟ ਵਲੋਂ ਇਹ ਪੁਲਾਂਘ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੇ ਟੀਚੇ ਦੀ ਪ੍ਰਾਪਤੀ ਲਈ ਜਿਥੇ ਨਸ਼ਾ ਤਸ਼ਕਰੀ ਨੂੰ ਰੋਕਣ ਲਈ ਸਖਤ ਕਦਮ ਪੁੱਟੇ ਜਾ ਰਹੇ ਹਨ ਉਥੇ ਸਮਾਜਿਕ ਚੇਤਨਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਪੁਲਿਸ ਕਮਿਸ਼ਨਰੇਟ ਵਲੋਂ ਨਸ਼ੇ ਦੇ ਆਦੀ ਨੌਜਵਾਨ ਦੇ ਇਲਾਜ ਅਤੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਪੁਲਿਸ ਹੈਲਪ ਲਾਈਨ ਨੰਬਰ 95929-18005 ਸੁਰੂ ਕੀਤਾ ਗਿਆ ਹੈ ਤਾਂ ਜੋ ਇਸ ਜ਼ਰੀਏ ਅਜਿਹੇ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਇਲਾਜ ਅਤੇ ਮੁੜ ਵਸੇਬੇ ਦੀ ਸਹਾਇਤਾ ਲੈਣ ਲਈ ਪੁਲਿਸ ਨਾਲ ਰਾਬਤਾ ਕਾਇਮ ਕਰ ਸਕਣ। ਇਸ ਮੁਹਿੰਮ ਤਹਿਤ ਨਸ਼ੇ ਦਾ ਆਦੀ ਕੋਈ ਵੀ ਨੌਜਵਾਨ ਜਾਂ ਉਨ੍ਹਾਂ ਦਾ ਪਰਿਵਾਰ ਮੁਫ਼ਤ ਇਲਾਜ ਲਈ ਆਪਣੇ ਖੇਤਰ ਦੇ ਪੁਲਿਸ ਥਾਣੇ ਜਾਂ ਡੀ.ਸੀ.ਪੀ.ਸ੍ਰੀ ਰਾਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਨਾਲ ਰਾਬਤਾ ਕਾਇਮ ਕਰ ਸਕਦੇ ਹਨ।