ਤਲਵੰਡੀ ਸਾਬੋ, 1 ਅਗਸਤ (ਰਾਮ ਰੇਸ਼ਮ ਨਥੇਹਾ)- ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਮੰਜੀ ਸਾਹਿਬ (ਪਾ: 9ਵੀਂ ਤੇ 10ਵੀਂ) ਵਿਖੇ ਸਿੱਖਾਂ ਦੇ ਨੌਵੇਂ ਗੁਰੂੁ ਸ੍ਰੀ ਗੁਰੁੂ ਤੇਗ ਬਹਾਦੁਰ ਸਾਹਿਬ ਦੇ ਪਾਵਨ ਗੁਰੂਸਰ ਸਰੋਵਰ ਵਿੱਚ ਬੀਤੇ ਦਿਨਾਂ ਤੋਂ ਆਰੰਭੀ ਕਾਰ ਸੇਵਾ ਲਈ ਸੰਗਤਾਂ ਦਾ ਸਮੁੰਦਰ ਉਮੜ ਆਇਆ ਹੈ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਹਿੱਸਾ ਪਾ ਰਹੀਆਂ ਹਨ। ਅੱਜ ਜਿੱਥੇ ਉਕਤ ਇਲਾਕੇ ਦੇ ਨਾਲ-ਨਾਲ ਹਰਿਆਣੇ ਦੇ ਪਿੰਡਾਂ ਵਿੱਚੋਂ ਸੰਗਤ ਪੁੱਜੀ ਉਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਇਸ ਕਾਰ ਸੇਵਾ ਲਈ ਵਿਸ਼ੇਸ ਤੌਰ ‘ਤੇ ਸੰਗਤ ਪੁੱਜੀ ਹੋਈ ਸੀ। ਹਜਾਰਾਂ ਦੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੇ ਚਲਦਿਆਂ ਕਾਰ ਸੇਵਾ ਵਾਲੀ ਜਗ੍ਹਾ ‘ਤੇ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ ਤੇ ਜਦੋਂ ਸਾਧਨ ਛੋਟੇ ਪੈਂਦੇ ਦਿਖਾਈ ਦਿੱਤੇ ਤਾਂ ਸ਼ਰਧਾ ਨਾਲ ਭਰੀ ਸੰਗਤ ਨੇ ਆਪਣੇ ਹੱਥਾਂ ਨਾਲ ਹੀ ਸਰੋਵਰ ਵਿੱਚੋਂ ਗਾਰ ਕੱਢਣੀ ਸ਼ੁਰੂ ਕਰ ਦਿੱਤੀ। ਕਾਰ ਸੇਵਾ ਵਿੱਚ ਸੰਗਤਾਂ ਦੇ ਨਾਲ-ਨਾਲ ਉਦਾਸੀਨ ਸੰਪ੍ਰਦਾਇ ਦੇ ਸੰਤਾਂ ਮਹੰਤ ਸ਼ਿਵਾਨੰਦ ਕਿਉਲ, ਮਹੰਤ ਹਰਬੰਸ ਦਾਸ ਜਗਾ ਰਾਮ ਤੀਰਥ, ਮਹੰਤ ਭੀਮਦਾਸ ਮਾਹੀਨੰਗਲ, ਮਹੰਤ ਗਿਆਨ ਦਾਸ ਜੱਜਲ ਨੇ ਵੱਡੀ ਗਿਣਤੀ ਸੰਗਤਾਂ ਸਮੇਤ ਸ਼ਮੂਲੀਅਤ ਕੀਤੀ। ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ‘ਤੇ ਅੱਜ ਹਲਕੇ ਦੇ ਕਈ ਪਿੰਡਾਂ ਦੇ ਅਕਾਲੀ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ ਤੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹਦੇਦਾਰਾਂ ਨੇ ਕਾਰ ਸੇਵਾ ਵਿੱਚ ਹਿੱਸਾ ਪਾਇਆ। ਬੁੰਗਾ ਮਸਤੂਆਣਾ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਬਾਬਾ ਕਾਕਾ ਸਿੰਘ ਨੇ ਦੱਸਿਆ ਕਿ 2 ਅਗਸਤ ਨੂੰ ਉਘੇ ਸਿੱਖ ਪ੍ਰਚਾਰਕ ਬਾਬਾ ਦਰਸ਼ਨ ਸਿੰਘ ਢੱਕੀ ਮਕਸੂਦੜਾਂ ਵਾਲੇ ਸੈਂਕੜੇ ਸੰਗਤਾਂ ਸਮੇਤ ਕਾਰ ਸੇਵਾ ਵਿੱਚ ਹਿੱਸਾ ਪਾਉਣਗੇ। ਉਨਾਂ ਦੱਸਿਆ ਕਿ ਸੇਵਾ ਕਰਨ ਵਾਲੀਆਂ ਸੰਗਤਾਂ ਦੀ ਹਰ ਰੋਜ ਵਧ ਰਹੀ ਗਿਣਤੀ ਦੇ ਚਲਦਿਆਂ ਸੰਭਾਵਨਾ ਹੈ ਕਿ ਕਾਰ ਸੇਵਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਮੁਕੰਮਲ ਹੋ ਜਾਵੇਗੀ। ਉਧਰ ਸੰਗਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਇਤਿਹਾਸਿਕ ਭੌਰਾ ਸਾਹਿਬ ਦੀ ਕਾਰ ਸੇਵਾ ਵੀ ਕੀਤੀ ਜਾ ਰਹੀ ਹੈ।
12