ਬਟਾਲਾ, 28 ਜੁਲਾਈ (ਆਰਵਿੰਦਰ ਮਠਾਰੂ, ਰਾਜੂ ਖਹਿਰਾ)-ਪੰਜਾਬ ਸਰਕਾਰ ਦੇਸ਼ ਦੀ ਅਜ਼ਾਦੀ ‘ਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆਂ ਨੂੰ ਪੂਰਾ ਮਾਣ ਸਤਿਕਾਰ ਦੇਣ ਲਈ ਵਚਨਬੱਧ ਹੈ ਅਤੇ ਰਾਜ ਸਰਕਾਰ ਨੇ ਅਜ਼ਾਦੀ ਸੰਗਰਾਮੀਆਂ ਦੀ ਬਿਹਤਰੀ ਲਈ ਕਈ ਮਹੱਤਵਪੂਰਨ ਫੈਸਲੇ ਲਏ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਨਕਾਰ ਸ. ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਹਰ ਜ਼ਿਲ੍ਹੇ ‘ਚ ਹੁੰਦੇ ਅਜ਼ਾਦੀ ਦਿਵਸ ਤੇ ਗਣਤੰਤਰ ਦਿਵਸ ਸਮਾਗਮ ‘ਚ ਅਜ਼ਾਦੀ ਸੰਗਰਾਮੀਆਂ ਨੂੰ ਪੂਰੀ ਮਾਣ-ਮਰਿਆਦਾ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਅਜ਼ਾਦੀ ਦੇ ਘੋਲ ‘ਚ ਪਾਏ ਉਨ੍ਹਾਂ ਦੇ ਯੋਗਦਾਨ ਬਾਰੇ ਅਜੋਕੀ ਪੀੜ੍ਹੀ ਨੂੰ ਦੱਸਿਆ ਜਾਵੇਗਾ। ਵਿਧਾਇਕ ਸ. ਫਤਹਿਜੰਗ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਅਜ਼ਾਦੀ ਸੰਗਰਾਮ ‘ਚ ਭਾਗ ਲੈਣ ਵਾਲੇ ਹਰ ਸੁਤੰਤਰਤਾ ਸੰਗਰਾਮੀ ਨੂੰ ਰਾਜ ਸਰਕਾਰ ਵੱਲੋਂ ਉਸਦੇ ਪਿੰਡ ਜਾਂ ਸ਼ਹਿਰ ‘ਚ ਮੁਫਤ ਘਰ (ਰਿਹਾਇਸ਼) ਦਿੱਤਾ ਜਾਵੇਗਾ ਤਾਂ ਜੋ ਉਹ ਆਪਣੇ ਜੀਵਨ ਨੂੰ ਬੇਹਤਰ ਢੰਗ ਨਾਲ ਬਸਰ ਕਰ ਸਕਣ। ਵੀ ਕੈਪਟਨ ਸਰਕਾਰ ਵੱਲੋਂ ਲਿਆ ਗਿਆ ਹੈ। ਸ. ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਮਹੱਤਵਪੂਰਨ ਫੈਸਲਾ ਕਰਦਿਆਂ ਅਜ਼ਾਦੀ ਘੁਲਾਟੀਆਂ ਨੂੰ ਸੂਬੇ ਦੇ ਸਾਰੇ ਰਾਜ ਮਾਰਗਾਂ ‘ਤੇ ਬਣੇ ਟੋਲ ਬੈਰੀਅਰ ਦੀ ਟੋਲ ਫੀਸ ਤੋਂ ਮੁਆਫੀ ਦੀ ਸਹੂਲਤ ਦੇ ਦਿੱਤੀ ਹੈ।