ਪੰਜਵੜ ਤੋਂ ਅਗਵਾ ਹੋਇਆ ‘ਰਿੰਕੂ’ ਤਿੰਨ ਸਾਲ ਬਾਅਦ ਪਰਿਵਾਰ ਨੂੰ ਮਿਲਿਆ

ਝਬਾਲ, 28 ਜੁਲਾਈ (ਹਰਦੀਪ ਸਿੰਘ)- ਕਰੀਬ ਤਿੰਨ ਸਾਲ ਪਹਿਲਾਂ ਗਾਇਬ ਹੋਏ ਪਿੰਡ ਪੰਜਵੜ ਵਾਸੀ ਦਿਲਬਾਗ ਸਿੰਘ ਦੇ 12 ਸਾਲਾਂ ਲੜਕੇ ਰਿੰਕੂ ਨੂੰ ਪਿੰਡ ਦੇ ਮੋਹਤਬਾਰ ਵਿਅਕਤੀਆਂ ਨੇ ਥਾਣਾ ਲੋਪੋਕੇ ਦੇ ਪਿੰਡ ਡੱਲੇਕੇ ਦੇ ਵਾਸੀ ਇਕ ਕਿਸਾਨ ਦੀ ਚੁੰਗਲ ਚੋਂ ਅਜ਼ਾਦ ਕਰਵਾਕੇ ਪਰਿਵਾਰ ਹਵਾਲੇ ਕਰ ਦਿੱਤਾ। ਪਰਿਵਾਰ ਨੇ ਥਾਣਾ ਝਬਾਲ ਦੀ ਪੁਲਿਸ ਨੂੰ ਕਥਿਤ ਅਗਵਾਕਾਰਾਂ ਅਤੇ ਕਿਸਾਨ ਵਿਰੋਧ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਉਣ ਦੀ ਪੁੱਸ਼ਟੀ ਵੀ ਕੀਤੀ ਹੈ। ਪਿੰਡ ਦੇ ਸਰਪੰਚ ਗੁਲਾਬਬੀਰ ਸਿੰਘ, ਬਲਬੀਰ ਸਿੰਘ, ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਆਗੂ ਰਾਜਦਵਿੰਦਰ ਸਿੰਘ ਰਾਜਾ ਝਬਾਲ, ਬਲਕਾਰ ਸਿੰਘ ਮੈਂਬਰ ਪੰਚਾਇਤ, ਹਰਦੇਵ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਕਾਲਾ ਅਤੇ ਜੋਗਿੰਦਰ ਸਿੰਘ ਦੀ ਹਾਜ਼ਰੀ ’ਚ ਲੜਕੇ ਰਿੰਕੂ ਦੀ ਦਾਦੀ ਸੁਰਿੰਦਰ ਕੌਰ ਪਤਨੀ ਭਗਵਾਨ ਸਿੰਘ ਵਾਸੀ ਪੰਜਵੜ ਨੇ ਦੱਸਿਆ ਕਿ ਉਸਦਾ ਪੋਤਰਾ ਰਿੰਕੂ ਤਿੰਨ ਸਾਲ ਪਹਿਲਾਂ ਗੁਰਦੁਆਰਾ ਸੰਤਸਰ ਪੰਜਵੜ ਕੋਲੋਂ ਗਾਇਬ ਹੋ ਗਿਆ ਸੀ, ਜਿਸ ਸਬੰਧੀ ਉਨ੍ਹਾਂ ਨੇ ਉਸ ਵੇਲੇ ਗੁੰਮਸੁੱਦਗੀ ਦੀ ਰਿਪੋਰਟ ਪੁਲਿਸ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਅਸਲ ’ਚ ਉਨ੍ਹਾਂ ਦਾ ਲੜਕਾ ਗੁੰਮ ਨਹੀਂ ਹੋਇਆ ਸੀ ਸਗੋਂ ਕੁਝ ਲੋਕਾਂ ਵੱਲੋਂ ਉਸਨੂੰ ਅਗਵਾ ਕਰਕੇ ਜ਼ਿਲਾ ਅੰਮ੍ਰਿਤਸਰ ਦੇ ਥਾਣਾ ਲੋਪੋਕੇ ਦੇ ਪਿੰਡ ਡੱਲੇਕੇ ਦੇ ਇਕ ਕਿਸਾਨ ਹਵਾਲੇ ਕਰ ਦਿੱਤਾ ਗਿਆ ਸੀ।
ਉਸ ਨੇ ਦੱਸਿਆ ਕਿ ਪਿੰਡ ਵਾਸੀ ਜੋਗਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਮਦਦ ਨਾਲ ਤਿੰਨ ਸਾਲ ਬਾਅਦ ਸਰਪੰਚ ਗੁਲਾਬਬੀਰ ਸਿੰਘ ਵੱਲੋਂ ਥਾਣਾ ਝਬਾਲ ਦੀ ਪੁਲਿਸ ਦੇ ਸਹਿਯੋਗ ਨਾਲ ਉਕਤ ਕਿਸਾਨ ਦੀ ਚੁੰਗਲ ਚੋਂ ਰਿੰਕੂ ਨੂੰ ਬੀਤੇ ਕੱਲ ਅਜ਼ਾਦ ਕਰਵਾ ਲਿਆ ਗਿਆ। ਨਾਬਾਲਗ ਰਿੰਕੂ ਨੇ ਇਸ ਮੌਕੇ ਦੱਸਿਆ ਕਿ ਕਿਸਾਨ ਵੱਲੋਂ ਉਸਨੂੰ ਕਥਿਤ ਤੌਰ ’ਤੇ ਬੰਧਕ ਬਣਾ ਕੇ ਰੱਖਿਆ ਹੋਇਆ ਸੀ ਅਤੇ ਖੇਤਾਂ ’ਚ ਕੰਮ ਕਰਵਾਉਣ ਤੋਂ ਇਲਾਵਾ ਪਿੱਛਲੇ ਤਿੰਨ ਸਾਲਾਂ ਤੋਂ ਘਰੇਲੂ ਕੰਮਕਾਰ ਅਤੇ ਪਸ਼ੂਆਂ ਦੀ ਦੇਖ ਰੇਖ ਆਦਿ ਕਰਵਾਈ ਜਾ ਰਹੀ ਸੀ ਅਤੇ ਕੰਮਕਾਰ ਦਾ ਮੇਹਨਤਾਨਾਂ ਵੀ ਨਹੀਂ ਦਿੱਤਾ ਜਾਂਦਾ ਸੀ ਅਤੇ ਨਾਂ ਹੀ ਉਸਨੂੰ ਪਰਿਵਾਰ ਨਾਲ ਮਿਲਣ ਦਿੱਤਾ ਜਾ ਰਿਹਾ ਸੀ। ਲੜਕੇ ਦੀ ਦਾਦੀ ਸੁਰਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਉਸਦਾ 10 ਸਾਲ ਦਾ ਦੂਜਾ ਪੋਤਰਾ ਹੈਪੀ ਵੀ ਤਿੰਨ ਸਾਲ ਤੋਂ ਲਾਪਤਾ ਹੈ ’ਤੇ ਉਨ੍ਹਾਂ ਨੂੰ ਯਕੀਨ ਹੈ ਕਿ ਜਿੰਨਾਂ ਲੋਕਾਂ ਵੱਲੋਂ ਉਨਾਂ ਦੇ ਰਿੰਕੂ ਨੂੰ ਅਗਵਾ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਹੀ ਹੈਪੀ ਨੂੰ ਵੀ ਅਗਵਾ ਕਰਕੇ ਉਕਤ ਕਿਸਾਨ ਪਾਸ ਹੀ ਵੇਚਿਆ ਗਿਆ ਹੋਵੇਗਾ। ਥਾਣਾ ਮੁੱਖੀ ਝਬਾਲ ਹਰਚੰਦ ਸਿੰਘ ਸੰਧੂ ਦਾ ਕਹਿਣਾ ਹੈ ਕਿ ਲੜਕੇ ਦੀ ਦਾਦੀ ਸੁਰਿੰਦਰ ਕੌਰ ਵੱਲੋਂ ਦਿੱਤੀ ਗਈ ਦੁਰਖਾਸਤ ਦੀ ਪੜਤਾਲ ਦੀ ਜਿੰਮੇਵਾਰੀ ਏ.ਐਸ.ਆਈ. ਹਰਦੀਪ ਸਿੰਘ ਅਤੇ ਹੌਲਦਾਰ ਗੁਰਦਾਸ ਸਿੰਘ ਨੂੰ ਸੌਪੀਂ ਗਈ ਹੈ ਜਿਨ੍ਹਾਂ ਪਾਸੋਂ ਜਲਦ ਤਫਤੀਸ ਕਰਕੇ ਰਿਪੋਰਟ ਮੰਗੀ ਗਈ ਹੈ।

Send this to a friend