ਤਲਵੰਡੀ ਸਾਬੋ, 28 ਜੁਲਾਈ (ਰਾਮ ਰੇਸ਼ਮ ਨਥੇਹਾ)- ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕ੍ਰੋੜੀ) ਦੇ ਗਿਆਰ੍ਹਵੇਂ ਮੁਖੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਕਲ੍ਹਾਧਾਰੀ ਦੀ 75 ਵੀਂ ਸਾਲਾਨਾ ਬਰ੍ਹਸੀ ਸਬੰਧੀ ਸਮਾਗਮ ਅੱਜ ਬੁੱਢਾ ਦਲ ਮੁੱਖ ਅਸਥਾਨ ਗੁ:ਬੇਰ ਸਾਹਿਬ ਦੇਗਸਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣ ਨਾਲ ਆਰੰਭ ਹੋ ਗਏ। ਬੁੱਢਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਬਰ੍ਹਸੀ ਸਮਾਗਮਾਂ ਦੀ ਆਰੰਭਤਾ ਮੌਕੇ ਅੱਜ ਸਭ ਤੋਂ ਪਹਿਲਾਂ ਗੁ:ਬੇਰ ਸਾਹਿਬ ਵਿਖੇ ਆਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਤੇ ਭਾਈ ਸੁਖਮੰਦਰ ਸਿੰਘ ਮੋਰ ਵੱਲੋਂ ਆਰੰਭਤਾ ਦੀ ਅਰਦਾਸ ਕੀਤੀ ਗਈ।ਅੱਜ ਤੋਂ ਸ਼ੁਰੂ ਹੋਣ ਵਾਲੇ ਬਰ੍ਹਸੀ ਸਮਾਗਮਾਂ ਦੇ ਤਿੰਨੇ ਦਿਨ ਗੁ:ਬੇਰ ਸਾਹਿਬ ਵਿਖੇ ਧਾਰਮਿਕ ਦੀਵਾਨ ਆਯੋਜਿਤ ਕੀਤੇ ਜਾਣਗੇ।ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ 30 ਜੁਲਾਈ ਨੂੰ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਬਰ੍ਹਸੀ ਸਮਾਗਮ ਹੋਣਗੇ ਜਿਨਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਹੋਰਨਾਂ ਤਖਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਪ੍ਰਦਾਵਾਂ ਤੇ ਸਿੱਖ ਜਥੇਬੰਦੀਆਂ ਦੇ ਧਾਰਮਿਕ ਆਗੂ ਬਾਬਾ ਸਾਹਿਬ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਉਨ੍ਹਾਂ ਕਿਹਾ ਕਿ ਭੋਗ ਉਪਰੰਤ ਅੰਮ੍ਰਿਤ ਸੰਚਾਰ ਰਾਂਹੀ ਸੰਗਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜਾਵੇਗਾ ਤੇ ਗੁਰੂੁ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸ਼ਸਤਰ ਕਲਾ ਦੇ ਜੌਹਰ ਦਿਖਾਉਣਗੀਆਂ। ਅੱਜ ਆਖੰਡ ਪਾਠਾਂ ਦੀ ਆਰੰਭਤਾ ਮੌਕੇ ਬਾਬਾ ਅਰਜੁਨਦੇਵ ਸਿੰਘ ਸ਼ਿਵਜੀ ਮੁੱਖ ਸੇਵਾਦਾਰ ਗੁ:ਬੇਰ ਸਾਹਿਬ ਦੇਗਸਰ, ਬਾਬਾ ਜੱਸਾ ਸਿੰਘ ਪੀ.ਏ., ਬਾਬਾ ਇੰਦਰ ਸਿੰਘ ਘੋੜਿਆਂ ਦੇ ਜਥੇਦਾਰ, ਬਾਬਾ ਮੱਘਰ ਸਿੰਘ ਹੈਡ ਗ੍ਰੰਥੀ, ਭਾਈ ਬਲਦੇਵ ਸਿੰਘ ਢੋਡੀਵਿੰਡੀਆ, ਭਾਈ ਸਰਵਣ ਸਿੰਘ ਮਝੈਲ, ਭਾਈ ਜੋਗਾ ਸਿੰਘ ਆਦਿ ਨਿਹੰਗ ਸਿੰਘ ਹਾਜ਼ਰ ਸਨ।