ਗੋਇਨਕਾ ਨੇ ਕੰਪਨੀ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਅਤੇ ਕਾਰੋਬਾਰ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ
ਚੰਡੀਗੜ, 24 ਜੁਲਾਈ – ਪੰਜਾਬ ਸਰਕਾਰ ਵੱਲੋਂ ਵਾਤਾਵਰਨ ਪੱਖੀ ਬਿਜਲਈ ਵਾਹਨਾਂ ਨੂੰ ਵੱਡੀ ਪੱਧਰ ’ਤੇ ਉਤਸ਼ਾਹਤ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਵੀਂ ਸਨਅਤੀ ਨੀਤੀ ਵੀ ਵਿਸ਼ੇਸ਼ ਤੌਰ ’ਤੇ ਇਸ ’ਤੇ ਕੇਂਦਰਿਤ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਵੇਰੇ ਇੱਥੇ ਮਹਿੰਦਰਾ ਤੇ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨਾਲ ਇਕ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ। ਗੋਇਨਕਾ ਨੇ ਆਖਿਆ ਕਿ ਉਨਾਂ ਦੀ ਕੰਪਨੀ ਪੰਜਾਬ ਵਿੱਚ ਬਿਜਲਈ ਵਾਹਨਾਂ ਨੂੰ ਉਤਸ਼ਾਹਤ ਕਰਨ ਵਿੱਚ ਨਿਵੇਸ਼ ਲਈ ਇਛੁੱਕ ਹੈ। ਉਨਾਂ ਨੇ ਸੂਬੇ ਵਿੱਚ ਗਰੀਨ ਐਨਰਜੀ ਦਾ ਪਾਸਾਰ ਅਤੇ ਰੁਜ਼ਗਾਰ ਦੀ ਪੈਦਾਵਾਰ ਲਈ ਬਿਜਲਈ ਟੈਕਸੀਆਂ ਲਿਆਉਣ ਦੀ ਸਕੀਮ ਬਣਾਉਣ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਚੀਨ ਦੀ ਕੰਪਨੀ ਯਿਨਲੌਂਗ ਨੇ ਹਾਲ ਹੀ ਵਿੱਚ ਸੂਬੇ ’ਚ ਬਿਜਲਈ ਕਾਰਾਂ ਅਤੇ ਬੱਸਾਂ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਬਾਰੇ ਉਨਾਂ ਨਾਲ ਵਿਚਾਰ ਕੀਤੀ ਸੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਬਿਜਲਈ ਟੈਕਸੀਆਂ ਲਈ ਓਲਾ ਨਾਲ ਗੱਲਬਾਤ ਚਲਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਬਿਜਲਈ ਵਾਹਨਾਂ ਨੂੰ ਰਵਾਇਤੀ ਵਾਹਨਾਂ ਦਾ ਬਦਲ ਬਣਾਉਣ ਦੀ ਇਛੁੱਕ ਹੈ ਕਿਉਂ ਜੋ ਪੈਟਰੋਲ ਤੇ ਡੀਜ਼ਲ ’ਤੇ ਚਲਦੇ ਵਾਹਨ ਵੱਧ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।
ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ੳੂਬਰ ਵਾਂਗ ਟਰੈਕਟਰਾਂ ਲਈ ਵੀ ਟਰਿੰਗੋ ਨਾਂ ਦੀ ਐਪ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵਿਚਾਰ ਕੀਤੀ ਗਈ। ਬੁਲਾਰੇ ਨੇ ਦੱਸਿਆ ਕਿ ਇਹ ਐਪ ਟਰੈਕਟਰ ਮਾਲਕਾਂ ਨੂੰ ਆਪਣਾ ਵਾਹਨ ਕਿਰਾਏ ’ਤੇ ਦੇਣ ਦੇ ਯੋਗ ਬਣਾਏਗੀ। ਸ੍ਰੀ ਗੋਇਨਕਾ ਵੱਲੋਂ ਪੰਜਾਬ ਵਿੱਚ ਆਪਣੇ ਟਰੈਕਟਰ ਯੂਨਿਟਾਂ ਦੇ ਪਾਸਾਰ ਲਈ ਕੀਤੀ ਅਪੀਲ ’ਤੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਸਬੰਧ ਵਿੱਚ ਤਜਵੀਜ਼ ਸੌਂਪਣ ਲਈ ਆਖਿਆ। ਮੁੱਖ ਮੰਤਰੀ ਨੇ ਕੰਪਨੀ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ। ਕੰਪਨੀ ਨੇ ਨੌਕਰੀਆਂ ਸਿਰਜਣ ਲਈ ਆਈ.ਟੀ. ਸੈਕਟਰ ਵਿੱਚ ਅਥਾਹ ਸਮਰਥਾ ਦੱਸਿਆ ਤਾਂ ਮੁੱਖ ਮੰਤਰੀ ਨੇ ਮੁਹਾਲੀ ਵਿੱਚ ਬੀ.ਪੀ.ਓ. ਦੀ ਸਥਾਪਨਾ ਵਿੱਚ ਟੈੱਕ ਮਹਿੰਦਰਾ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਸੂਬੇ ਲਈ ਵੱਡੀ ਚੁਣੌਤੀ ਦੱਸਦਿਆਂ ਮੁੱਖ ਮੰਤਰੀ ਨੇ ਸ੍ਰੀ ਗੋਇਨਕਾ ਨੂੰ ਮੁਹਾਲੀ ਵਿੱਚ ਲਾਏ ਜਾ ਰਹੇ ਰੁਜ਼ਗਾਰ ਮੇਲੇ ਵਿੱਚ ਕੰਪਨੀ ਦੀ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ। ਸ੍ਰੀ ਗੋਇਨਕਾ ਮੁਤਾਬਕ ਮਹਿੰਦਰਾ ਐਂਡ ਮਹਿੰਦਰਾ ਨੇ ਬਰਾਮਦ ਕਰਨ ਲਈ ਆਲੂਆਂ ਦਾ ਬੀਜ ਵਿਕਸਤ ਕਰਨ ਵਿੱਚ ਦਿਲਚਸਪੀ ਦਿਖਾਈ। ਮੁੱਖ ਮੰਤਰੀ ਨੇ ਬਾਗਬਾਨੀ ਤੇ ਫੁੱਲ ਦੀ ਕਾਸ਼ਤ ਰਾਹੀਂ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਆਪਣੇ ਸਟੈਂਡ ਨੂੰ ਦੁਹਰਾਉਂਦਿਆਂ ਫਸਲੀ ਚੱਕਰ ਨੂੰ ਤੋੜਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਕਿਸਾਨਾਂ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਉਨਾਂ ਦੀ ਮੁਬੰਈ ਫੇਰੀ ਦੌਰਾਨ ਸ੍ਰੀ ਗੋਇਨਕਾ ਵੱਲੋਂ ਅਬੋਹਰ ਵਿੱਚ ਰੱਖਿਆ ਪ੍ਰਾਜੈਕਟ ਸਥਾਪਤ ਕਰਨ ਬਾਰੇ ਅਨੰਦ ਮਹਿੰਦਰਾ ਨੂੰ ਦਿੱਤੇ ਸੁਝਾਅ ਬਾਰੇ ਵੀ ਚੇਤੇ ਕਰਵਾਇਆ। ਗੋਇਨਕਾ ਨੇ ਦੱਸਿਆ ਕਿ ਕੰਪਨੀ ਇਸ ਦੀ ਸੰਭਾਵਨਾ ਤਲਾਸ਼ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ ਰਿਜ਼ੌਰਟ ਨੂੰ ਵਿਕਸਤ ਕਰਨ ਲਈ ਕੰਪਨੀ ਦੀ ਤਜਵੀਜ਼ ’ਤੇ ਵੀ ਵਿਚਾਰ ਕੀਤੀ ਜਾ ਰਹੀ ਹੈ।
ਮੁੰਬਈ ਵਿੱਚ ਹੋਈ ਗੱਲਬਾਤ ਨੂੰ ਅੱਗੇ ਵਧਾਉਂਦਿਆਂ ਦੋਵਾਂ ਧਿਰਾਂ ਨੇ ਹੰਗਾਮੀ ਸੇਵਾਵਾਂ ਲਈ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀ ਡਾਇਲ 100 ਦੀ ਸਹੂਲਤ ਪੰਜਾਬ ਵਿੱਚ ਸ਼ੁਰੂ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਕਿ ਤੁਰੰਤ ਹੰਗਾਮੀ ਸੇਵਾਵਾਂ ਮੁਹੱਈਆ ਕਰਵਾ ਕੇ ਲੋਕਾਂ ਦੀਆਂ ਵਿਸ਼ੇਸ਼ ਲੋੜਾਂ ਸਮੇਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਗ੍ਰਹਿ ਤੇ ਪੁਲੀਸ ਵਿਭਾਗਾਂ ਵੱਲੋਂ ਤਜਵੀਜ਼ ਦਾ ਅਧਿਐਨ ਕੀਤਾ ਜਾ ਰਿਹਾ ਹੈ। ਕੰਪਨੀ ਨੇ ਸਨਅਤੀ ਕਾਮਿਆਂ ਲਈ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ ਜਿਸ ਲਈ ਮੁੱਖ ਮੰਤਰੀ ਨੇ ਨਵੀਂ ਸੰਸਥਾ ਬਣਾਉਣ ਜਾਂ ਮੌਜੂਦਾ ਆਈ.ਟੀ.ਆਈ. ਨਾਲ ਸਮਝੌਤਾ ਕਰਨ ਦਾ ਸੁਝਾਅ ਦਿੱਤਾ। ਕੰਪਨੀ ਵੱਲੋਂ ਲੁਧਿਆਣਾ ਵਿੱਚ ਮਹਿੰਦਰਾ ਵਰਲਡ ਯੂਨੀਵਰਸਿਟੀ ਸਥਾਪਤ ਕਰਨ ਦੀ ਬਣਾਈ ਯੋਜਨਾ ’ਤੇ ਵੀ ਵਿਚਾਰ ਕੀਤੀ ਗਈ। ਇਸ ਤੋਂ ਪਹਿਲਾਂ ਗੋਇਨਕਾ ਨੇ ਮੁੱਖ ਮੰਤਰੀ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਸੂਬੇ ਵਿੱਚ ਕੰਪਨੀ ਨੂੰ ਆਪਣਾ ਕਾਰੋਬਾਰ ਸਥਾਪਤ ਕਰਨ ਵਿੱਚ ਦਿੱਤੇ ਸਹਿਯੋਗ ਲਈ ਵੀ ਉਨਾਂ ਦਾ ਧੰਨਵਾਦ ਕੀਤਾ। ਪੰਜਾਬ ਵਿੱਚ 6000 ਲੋਕ ਸਿੱਧੇ ਅਤੇ 30,000 ਲੋਕ ਅਸਿੱਧੇ ਤੌਰ ’ਤੇ ਕੰਪਨੀ ਵਿੱਚ ਨੌਕਰੀ ਕਰ ਰਹੇ ਹਨ ਅਤੇ ਸੂਬੇ ਤੋਂ ਕੰਪਨੀ ਨੂੰ ਮੌਜੂਦਾ ਸਮੇਂ 6000 ਕਰੋੜ ਦੀ ਆਮਦਨ ਹੁੰਦੀ ਹੈ।