ਸਾਰੇ ਕੌਮਾਂਤਰੀ ਕੂਟਨੀਤਕ ਚੈਨਲਾਂ ਨੂੰ ਸਰਗਰਮ ਕਰਨ ਲਈ ਕਿਹਾ
ਚੰਡੀਗੜ੍ਹ, 23 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕੈਨੇਡਾ ਅਧਾਰਿਤ ਖਾਲਿਸਤਾਨੀ ਸਮਰਥਕਾਂ ਵਲੋਂ ਲੰਘੇ ਅਪ੍ਰੈਲ ਮਹੀਨੇ ਇਕ ਪ੍ਰੋਗਰਾਮ ਦੌਰਾਨ ਦਿਤੀਆਂ ਧਮਕੀਆਂ ਦੀ ਜਾਂਚ ਬੰਦ ਕਰਨ ਦੇ ਕੈਨੇਡਾ ਸਰਕਾਰ ਦੇ ਫੈਸਲੇ ’ਤੇ ਪੰਜਾਬ ਕਾਂਗਰਸ ਕਾਫੀ ਨਾਰਾਜ਼ ਹੈ।ਪੰਜਾਬ ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਕੈਨੇਡਾ ਸਰਕਾਰ ਇਸ ਮੁੱਦੇ ’ਤੇ ਪਰਦਾਪੋਸ਼ੀ ਕਰ ਰਹੀ ਹੈ। ਪਾਰਟੀ ਨੇ ਐਤਵਾਰ ਨੂੰ ਇਥੇ ਜਾਰੀ ਇਕ ਬਿਆਨ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਹ ਮਾਮਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਉਠਾਉਣ।ਪੰਜਾਬ ਕਾਂਗਰਸ ਦੇ ਨੇਤਾ ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਸੁਖਬਿੰਦਰ ਸਿੰਘ ਸੁਖ ਸਰਕਾਰੀਆ ਤੇ ਸ. ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਕੇਂਦਰੀ ਵਿਦੇਸ਼ ਮੰਤਰਾਲੇ ਵਲੋਂ ਇਸ ਮਾਮਲੇ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਖ਼ਲ ਦੀ ਮੰਗ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਉਸ ਮੁਲਕ ਦੀ ਧਰਤੀ ਵਰਤ ਕੇ ਪੰਜਾਬ ਦੇ ਮੁਖ ਮੰਤਰੀ ਨੂੰ ਸ਼ਰੇਆਮ ਤੇ ਸਿਧੀਆਂ ਧਮਕੀਆਂ ਦੇਣ ਵਾਲੇ ਦੋਸ਼ੀਆਂ ਨੂੰ ਖੁਲ੍ਹੇਆਮ ਘੁੰਮਣ ਦੀ ਇਜਾਜ਼ਤ ਨਾ ਮਿਲੇ। ਇਨ੍ਹਾਂ ਨੇਤਾਵਾਂ ਨੇ ਸਿਖਜ਼ ਫਾਰ ਜਸਿਟਸ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪਛਮੀ ਮੁਲਕ ਵਿਚ ਜਾਣ ਤੋਂ ਰੋਕਣ ਲਈ ਉਨ੍ਹਾਂ ਖਿਲਾਫ਼ ਦਾਇਰ ਕੀਤੇ ਮਾਮੂਲੀ ਜਿਹੇ ਕੇਸ ਦੀ ਸਥਿਤੀ ਜਾਣਨ ਦੀ ਵੀ ਮੰਗ ਕੀਤੀ। ਪੰਜਾਬ ਕਾਂਗਰਸ ਨੇ ਸਾਰੇ ਕੌਮਾਂਤਰੀ ਕੂਟਨੀਤਕ ਚੈਨਲਾਂ ਨੂੰ ਸਰਗਰਮ ਕਰਨ ਲਈ ਕਿਹਾ ਤਾਂ ਕਿ ਕੈਨੇਡਾ ਵਿਚ ਭਾਰਤ ਵਿਰੋਧੀ ਤਾਕਤਾਂ ਦੇ ਸਿਰ ਚੁਕਣ ਨੂੰ ਰੋਕਣ ਲਈ ਲੋੜੀਂਦੇ ਕਦਮ ਉਠਾਉਣ ਵਾਸਤੇ ਕੈਨੇਡਾ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਕੇਸ ਮੁੜ ਖੋਲ੍ਹਣ ਲਈ ਕਹਿਣਾ ਚਾਹੀਦਾ ਹੈ ਤੇ ਨਿਆਂ ਤੇ ਨਿਰਪਖਤਾ ਦੇ ਹਿਤ ਵਿਚ ਆਜ਼ਾਦ ਜਾਂਚ ਕਰਵਾਈ ਜਾਵੇ। ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਨਫ਼ਰਤ ਫੈਲਾਉਣ ਤੇ ਫੁਟ ਪਾਉਣ ਦਾ ਕੂੜ ਪ੍ਰਚਾਰ ਕਰਨ ਲਈ ਉਨ੍ਹਾਂ ਦੀ ਧਰਤੀ ਦੀ ਵਰਤੋਂ ਨਾ ਕੀਤੀ ਜਾਵੇ।
ਲੀਡਰਾਂ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਵਲੋਂ ਗਲੋਬਲ-ਅਫੇਅਰਜ਼ ਕੈਨੇਡਾ ਕੋਲ ਦਰਜ ਕਰਵਾਈ ਰਸਮੀ ਸ਼ਿਕਾਇਤ ਬਾਰੇ ਸਹੀ ਜਾਂਚ ਨਹੀਂ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿਚ 22 ਅਪ੍ਰੈਲ ਨੂੰ ਮਨਾਏ ਵਿਸਾਖੀ ਦਿਹਾੜੇ ਦੀਆਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਇਨ੍ਹਾਂ ਵੀਡੀਓਜ਼ ਵਿਚ ਕੈਨੇਡਾ ਦੀ ਧਰਤੀ ਤੋਂ ਗਰਮ ਖਿਆਲੀ ਸਿਖਾਂ ਵਲੋਂ ਦਿਤੇ ਜਾਂਦੇ ਨਫ਼ਰਤ ਭਰੇ ਭਾਸ਼ਨਾਂ ਦੀ ਲੜੀ ਵਜੋਂ ਖਾਲਿਸਤਾਨੀ ਸਮਰਥਕ ਧਮਕੀਆਂ ਦਿੰਦੇ ਦਿਖ ਰਹੇ ਹਨ।