ਬਰਸਲਜ਼, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਬੈਲਜੀਅਮ ਤੇ ਸਟੀਲ ਕੰਪਨੀ ਦੇ ਸਾਬਕਾ ਕਰਮਚਾਰੀ ਨੇ ‘ਸੁਸਾਈਡ ਨੋਟ’ ਵਿੱਚ ਆਪਣੀ ਮੌਤ ਲਈ ਭਾਰਤੀ ਮੂਲ ਦੇ ਉਦਯੋਗਪਤੀ ਲਕਸ਼ਮੀ ਮਿੱਤਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। 45 ਸਾਲ ਦੇ ਏਲੀਅਨ ਵਿਗਨੇਰਨ ਨੇ ਆਪਣੇ ‘ਸੁਸਾਈਡ ਨੋਟ’ ਵਿਚ ਲਿਖਿਆ ਹੈ ਕਿ ਉਸ ਨੇ (ਲਕਸ਼ਮੀ ਮਿੱਤਲ) ਨੇ ਮੇਰਾ ਸਭ ਕੁਝ ਲੁੱਟ ਲਿਆ। ਏਲੀਅਨ ਨੇ 14 ਸਾਲ ਦੀ ਉਮਰ ਵਿਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਆਪਣਾ ‘ਸੁਸਾਈਡ ਨੋਟ’ ਯੂਨੀਅਨ ਦੇ ਪ੍ਰਤੀਨਿਧ ਨੂੰ ਭੇਜਿਆ ਜਿਸ ਨੂੰ ਪ੍ਰੈੱਸ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਵਿਸ਼ਵ ਦੀ ਸਭ ਤੋਂ ਵੱਡੀ ਸਟੀਲ ਨਿਰਮਾਤਾ ਕੰਪਨੀ ਆਰਸੇਲਰ ਮਿੱਤਲ ਯੂਰਪ ਦੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ। ਬੁਰੇ ਦੌਰ ਵਿਚੋਂ ਲੰਘ ਰਹੀ ਆਰਸੇਲਰ ਮਿੱਤਲ ਫਿਰ ਤੋਂ ਖੜ੍ਹੇ ਹੋਣ ਲਈ ਸੰਘਰਸ਼ ਕਰ ਰਹੀ ਹੈ। ਬੈਲਜੀਅਮ ਦੇ ਲੇਜ ਖੇਤਰ ਵਿਚ ਕੰਪਨੀ ਦੋ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਵਿੱਚ ਹੈ, ਏਲੀਅਨ ਇਥੇ ਹੀ ਕੰਮ ਕਰਦਾ ਸੀ। ‘ਸੁਸਾਈਡ ਨੋਟ’ ਬੈਲਜੀਅਮ ਵਿੱਚ ਚਰਚਾ ਦਾ ਵਿਸ਼ਾ ਰਿਹਾ।
ਸਟੀਲ ਸੈਕਟਰ ਵਿਚ ਫਰਾਂਸ ਤੇ ਲਕਸਮਬਰਗ ਸਹਿਤ ਬੈਲਜੀਅਮ ਵਿੱਚ ਵੀ ਕਰਮਚਾਰੀਆਂ ਦੀ ਕਾਫੀ ਛਾਂਟੀ ਹੋ ਰਹੀ ਹੈ। ਉਧਰ ਕੰਪਨੀ ਨੇ ਕਿਹਾ ਹੈ ਕਿ ਏਲੀਅਨ ਦੇ ਦਿਹਾਂਤ ਨਾਲ ਉਸ ਨੂੰ ਝਟਕਾ ਲੱਗਾ ਹੈ। ਕੰਪਨੀ ਨੇ ਕਿਹਾ ਕਿ ਉਸ ਦੇ ਸਮਾਜਿਕ ਵਰਕਰ ਏਲੀਅਨ ਦੇ ਪਰਿਵਾਰ ਦੀ ਮੱਦਦ ਕਰਨਗੇ।