ਬੁਢਲਾਡਾ, 21 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਆਈ. ਕਿਊ. ਏ. ਸੀ. ਸ੍ਯੈੱਲ ਦੁਆਰਾ ਆਯੋਜਿਤ 7 ਦਿਨਾਂ ਫੈਕਲਟੀ ਵਿਕਾਸ ਪ੍ਰੋਗਰਾਮ ਵਿੱਚ ਅਧਿਆਪਕਾਂ ਦੀ ਅਧਿਆਪਨ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਅਤੇ ਸਿੱਖਿਆ ਨੂੰ ਆਧੁਨਿਕ ਤਰੀਕਿਆਂ ਰਾਹੀਂ ਵਿਦਿਆਰਥੀਆਂ ਦੇ ਸਨਮੁੱਖ ਕਰਨ ਦੀ ਸਮੀਖਿਆ ਕੀਤੀ। ਅਧਿਆਪਕਾਂ ਦੇ ਲੈਕਚਰ ਨੂੰ ਉ੍ਯੱਚ ਪੱਧਰੀ ਬਣਾਉਣ ਲਈ ਪ੍ਰੇਰਨਾ, ਸਿੱਖਿਆ ਲਈ ਉਤਸ਼ਾਹ, ਗਿਆਨ ’ਤੇ ਵਿਵਹਾਰ ਨੂੰ ਵਧਾਉਣ ਅਤੇ ਹੁਨਰਾਂ ਨੂੰ ਪ੍ਰਸਾਰਿਤ ਕਰਨ ਲਈ ਪ੍ਰਭਾਵੀ ਗੋਸ਼ਟੀ ਕੀਤੀ ਗਈ, ਜਿੱਥੇ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰਸੀਪਲ ਮੁਲਤਾਨ ਮੱਲ ਮੋਦੀ ਕਾਲਜ ਪਟਿਆਲਾ ਨੇ ਵਿਕਾਸ ਮਾਡਲ ਰਾਹੀਂ ਫੈਕਲਟੀ ਨੂੰ ਸਿਖਾਉਣ ਅਤੇ ਵਿਕਾਸ ਕਰਨ ਸਬੰਧੀ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਉਹਨਾਂ ਨੇ ਨੌਜਵਾਨਾਂ ਨੂੰ ਭਵਿੱਖ ਦੇ ਲਈ ਤਿਆਰ ਰਹਿਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਨੌਜਵਾਨ ਸਾਰੇ ਸਮਾਜ ਦਾ ਕੁੱਝ ਕੁ ਫੀਸਦੀ ਹੀ ਹਿੱਸਾ ਹਨ ਪਰ ਉਹ ਭਵਿੱਖ ਅਤੇ ਸਮਾਜ ਨੂੰ ਉਸਾਰੂ ਢੰਗ ਨਾਲ ਸਿਰਜਣ ਦੀ ਸਮਰੱਥਾ ਰੱਖਦੇ ਹਨ। ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਸਿੱਖਿਆ ਦਾ ਮੰਤਵ ਸਾਫ ਅਤੇ ਸਪੱਸ਼ਟ ਹੋਣ ਤੇ ਜ਼ੋਰ ਦਿੱਤਾ। ਇਸ ਮੌਕੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਉ੍ਯੱਚ ਸਿੱਖਿਆ ਦੇ ਵਿੱਚ ਆ ਰਹੇ ਬਦਲਾਵ ਕਾਰਨ ਪੇਸ਼ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਵਿੱਚ ਡਾ. ਹਰਚਰਨ ਸਿੰਘ (ਰਜਿਸਟਰਾਰ ਮੋਦੀ ਕਾਲਜ ਪਟਿਆਲਾ), ਵਾਈਸ ਪ੍ਰਿੰਸੀਪਲ ਡਾ. ਮੇਜਰ ਜਸਪਾਲ ਸਿੰਘ, ਕਾਲਜ ਦੇ 178 ਅਧਿਆਪਕਾਂ ਅਤੇ ਇਲਾਕੇ ਦੇ ਵੱਖ ਵੱਖ ਕਾਲਜਾਂ ਤੋਂ ਆਏ ਅਧਿਆਪਕਾਂ ਨੇ ਸ਼ਾਮੂਲੀਅਤ ਕੀਤੀ।