ਸ਼੍ਰੀ ਰਾਮਨਾਥ ਕੋਵਿੰਦ ਬਣੇ ਦੇਸ਼ ਦੇ 14ਵੇਂ ਰਾਸ਼ਟਰਪਤੀ- ਮੀਰਾ ਨੂੰ ਕਰਾਰੀ ਹਾਰ

25 ਜੁਲਾਈ ਨੂੰ ਚੁਕਣਗੇ ਰਾਸ਼ਟਰਪਤੀ ਅਹੁਦੇ ਦੀ ਸਹੁੰ

ਨਵੀਂ ਦਿਲੀ, 20 ਜੁਲਾਈ-ਰਾਸ਼ਟਰਪਤੀ ਚੋਣਾਂ ‘ਚ ਐਨ.ਡੀ.ਏ ਉਮੀਦਵਾਰ ਸ਼੍ਰੀ ਰਾਮਨਾਥ ਕੋਵਿੰਦ ਆਪਣੇ ਵਿਰੋਧੀ ਉਮੀਦਵਾਰ ਮੀਰਾ ਕੁਮਾਰ ਨੂੰ ਭਾਰੀ ਵੋਟਾਂ ਨਾਲ ਮਾਤ ਦੇ ਕੇ ਦੇਸ਼ ਦੇ 14ਵੇਂ ਰਾਸ਼ਟਰਪਤੀ ਬਣ ਗਏ ਹਨ। ਕਾਂਗਰਸ ਦੀ ਅਗਵਾਈ ਹੇਠ ਯੂਪੀਏ ਨੂੰ ਇਸ ਚੋਣ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਵੇਂ ਚੁਣੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੁਲ ਵੋਟ 10,98903 ’ਚੋਂ 702044 ਮਿਲੇ ਹਨ ਜਦਕਿ ਮੀਰਾ ਕੁਮਾਰ ਨੂੰ 367314 ਵੋਟ ਮਿਲੇ। ਰਾਸ਼ਟਰਪਤੀ ਬਣਨ ਲਈ ਕੋਵਿੰਦ ਨੂੰ 5,52,243 ਵੋਟ ਚਾਹੀਦੇ ਸਨ। ਚੋਣਾਂ ਜਿਤਣ ਦੇ ਬਾਅਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਕੋਵਿੰਦ ਭਾਵੁਕ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਇਸ ਅਹੁਦੇ ਦੇ ਬਾਰੇ ’ਚ ਕਦੀ ਨਹੀਂ ਸੋਚਿਆ ਸੀ। ਰਾਸ਼ਟਰਪਤੀ ਬਣਨਾ ਮੇਰਾ ਟੀਚਾ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਬਾਰਸ਼ ਨੇ ਗਰੀਬੀ ਵਾਲਾ ਬਚਪਨ ਯਾਦ ਕਰਵਾ ਦਿਤਾ ਹੈ। ਮੇਰੇ ’ਤੇ ਭਰੋਸਾ ਜਤਾਉਣ ਲਈ ਧੰਨਵਾਦ। ਇਸ ਅਹੁਦੇ ‘ਤੇ ਰਹਿ ਕੇ ਸੰਵਿਧਾਨ ਦੀ ਰਖਿਆ ਕਰਨਾ ਮੇਰਾ ਕਰਤਵ ਹੈ।ਨਤੀਜੇ ਦੇ ਐਲਾਨ ਤੋਂ ਬਾਅਦ ਸ਼੍ਰੀ ਕੋਵਿੰਦ ਦੇ ਗ੍ਰਹਿ ਜਨਪਦ ਕਾਨਪੁਰ ਦੇ ਪਰੌਂਖ ਪਿੰਡ ‘ਚ ਜਸ਼ਨ ਦਾ ਮਾਹੌਲ ਬਣ ਗਿਆ ਹੈ।ਢੋਲ-ਨਗਾੜੇ ਤਾਸ਼ੇ ਵਜੇ।ਹਰ ਕੋਈ ਆਪਣੀ ਸ਼ਰਧਾ ਅਤੇ ਸ਼ੌਕ ਮੁਤਾਬਕ ਇਸ ਜਸ਼ਨ ‘ਚ ਸ਼ਾਮਲ ਹਨ।ਕੁਝ ਲੋਕ ਅਖੰਡ ਰਾਮਾਇਣ ਦਾ ਪਾਠ ਕੀਤੇ।ਗੁਆਂਢ ਦੇ ਰਹਿਮਾਨ ਨੇ ਦੋ ਨਮਾਜ਼ ਅਦਾ ਕਰ ਅਲ੍ਹਾ ਦਾ ਸ਼ੁਕਰੀਆ ਅਦਾ ਕੀਤਾ।ਰਾਮਨਾਥ ਕੋਵਿੰਦ ਦੇ ਵਡੇ ਭਰਾ 76 ਸਾਲ ਦੇ ਪਿਆਰੇਲਾਲ ਕੋਵਿੰਦ ਕਾਨਪੁਰ ਦੇਹਾਤ ਦੇ ਝੀਂਝਤ ਇਲਾਕੇ ‘ਚ ਗੁੜ ਮੰਡੀ ਦੀ ਗਲੀ ਨੰਬਰ 4 ‘ਚ 8 ਫੁਟ ਲੰਬੀ ਅਤੇ 7 ਫੁਟ
ਚੌੜੀ ਕਪੜੇ ਦੀ ਇਕ ਗੁਮਟੀ ਚਲਾਉਂਦੇ ਹਨ। ਪਹਿਲਾਂ ਉਹ ਸਾਈਕਲ ‘ਤੇ ਫੇਰੀ ਲਗਾ ਕੇ ਕਪੜੇ ਵੇਚਦੇ ਸਨ। ਸ਼੍ਰੀ ਕੋਵਿੰਦ ਦੇ ਸਾਰੇ ਭਰਾ ਪਰੌਂਖ ਤੋਂ ਤਕਰੀਬਨ 20 ਕਿਲੋਮੀਟਰ ਦੂਰ ਓਮ ਨਗਰ ਮੁਹਲੇ ‘ਚ ਰਹਿੰਦੇ ਹਨ। ਪਤਲੀ ਜਿਹੀ ਗਲੀ ‘ਚ ਇਹ ਬਸਤੀ ਹੈ। ਸਾਰੇ ਭਰਾਵਾਂ ਦੇ ਘਰ ਨੇੜੇ-ਨੇੜੇ ਹੀ ਹਨ। ਉਨ੍ਹਾਂ ਦੇ ਸਾਹਮਣੇ ਪਵਨ ਗੋਲਗਪੇ ਵਾਲੇ ਰਹਿੰਦੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਸ ਦਿਨ ਸਹੁੰ ਚੁਕ ਸਮਾਗਮ ਹੋਵੇਗਾ ਤਾਂ ਉਸ ਦਿਨ ਗੋਲਗਪੇ ਫ੍ਰੀ ਖਵਾਵਾਂਗਾ।
25 ਜੁਲਾਈ ਨੂੰ ਚੁਕਣਗੇ ਸਹੁੰ : ਸ਼੍ਰੀ ਰਾਮਨਾਥ ਕੋਵਿੰਦ 25 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁਕਣਗੇ। ਦਸਣਯੋਗ ਹੈ ਕਿ ਸ੍ਰੀ ਪ੍ਰਣਬ ਮੁਖਰਜੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਸ੍ਰੀ ਰਾਮਨਾਥ ਕੋਵਿੰਦ ਰਾਸ਼ਟਰਪਤੀ ਅਹੁਦਾ ਸੰਭਾਲਣ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਦਿਤੀ ਵਧਾਈ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਰਾਮਨਾਥ ਕੋਵਿੰਦ ਨੂੰ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣੇ ਜਾਣ ਉਤੇ ਵਧਾਈ ਦਿਤੀ ਹੈ। ਇਸ ਤੋਂ ਇਲਾਵਾ ਸ੍ਰੀ ਮੋਦੀ ਨੇ ਮੀਰਾ ਕੁਮਾਰ ਨੂੰ ਵੀ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਮੀਰਾ ਕੁਮਾਰ ਨੇ ਜਿਸ ਭਾਵਨਾ ਨਾਲ ਚੋਣ ਲੜੀ ਉਸ ਉਤੇ ਸਾਨੂੰ ਮਾਣ ਹੈ।
ਸ਼੍ਰੀ ਕੋਵਿੰਦ ਨੇ ਗੁਰਦੁਆਰਾ ਬੰਗਲਾ ਸਾਹਿਬ ਮਥਾ ਟੇਕਿਆ : ਸ੍ਰੀ ਰਾਮਨਾਥ ਕੋਵਿੰਦ, ਭਾਰਤ ਦੇ ਅਗਲੇ ਹੋਣ ਵਾਲੇ ਰਾਸ਼ਟਰਪਤੀ, ਕਲ ਸ਼ਾਮ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਆਪਣੀ ਜਿਤ ਲਈ ਵਾਹਿਗੁਰੂ ਅਗੇ ਅਰਦਾਸ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਧਰਮ ਪਤਨੀ ਤੇ ਬਚੇ ਵੀ ਸਨ। ਸ੍ਰੀ ਕੋਵਿੰਦ ਨੇ ਇਸ ਮੌਕੇ ਦਸਿਆ ਕਿ ਉਹਨਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੂਰੀ ਆਸਥਾ ਹੈ ਤੇ ਉਹ ਨਤੀਜਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਆਸ਼ੀਰਵਾਦ ਲੈਣ ਆਏ ਹਨ।
ਨਿਰੰਤਰ ਦੇਸ਼ ਦੀ ਸੇਵਾ ‘ਚ ਲਗਿਆ ਰਹਾਂਗਾ : ਇਹ ਬੇਹਦ ਭਾਵੁਕ ਮੌਕਾ ਹੈ। ਰਾਸ਼ਟਰਪਤੀ ਅਹੁਦੇ ਲਈ ਚੁਣਿਆ ਜਾਣਾ ਮੇਰਾ ਟੀਚਾ ਨਹੀਂ ਸੀ। ਹੁਣ ਸੰਵਿਧਾਨ ਦੀ ਰਖਿਆ ਮੇਰਾ ਕਰਤਵ ਹੋਵੇਗਾ। ਮੈਂ ਨਿਰੰਤਰ ਦੇਸ਼ ਦੀ ਸੇਵਾ ਵਿਚ ਲਗਿਆ ਰਹਾਂਗਾ। ਇਹ ਗਲ ਅਜ ਰਾਸ਼ਟਰਪਤੀ ਚੋਣ ਜਿਤਣ ਤੋਂ ਬਾਅਦ ਸ੍ਰੀ ਰਾਮਨਾਥ ਕੋਵਿੰਦ ਨੇ ਆਖੀ।
ਉਨ੍ਹਾਂ ਕਿਹਾ ਕਿ ਇਸ ਬਰਸਾਤ ਵਿਚ ਮੈਨੂੰ ਆਪਣੇ ਬਚਪਨ ਦਾ ਪਿੰਡ ਯਾਦ ਆ ਗਿਆ, ਜਦੋਂ ਮਿਟੀ ਦਾ ਘਰ ਹੁੰਦਾ ਸੀ, ਕਚੀਆਂ ਕੰਧਾਂ ਹੁੰਦੀਆਂ ਸਨ, ਫੂਸ ਦੀ ਛਤ ਦੇ ਹੇਠਾਂ ਖੜ੍ਹੇ ਹੋ ਕੇ ਅਸੀਂ ਭਾਈ-ਭੈਣ ਇਹ ਸੋਚਦੇ ਹੁੰਦੇ ਸੀ ਕਿ ਇਹ ਬਾਰਿਸ਼ ਕਦੋਂ ਰੁਕੇਗੀ। ਕਿੰਨੇ ਹੀ ਅਜਿਹੇ ਰਾਮਨਾਥ ਹੋਣਗੇ ਜੋ ਖੇਤੀ ਕਰ ਰਹੇ ਹੋਣਗੇ, ਬਾਰਿਸ਼ ਵਿਚ ਭਿਜ ਰਹੇ ਹਨ ਅਤੇ ਕਿੰਨੇ ਹੀ ਰਾਮਨਾਥ ਸੰਘਰਸ਼ ਕਰ ਰਹੇ ਹੋਣਗੇ। ਉਨ੍ਹਾਂ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕੀਤਾ।

Send this to a friend