ਠੇਕਾ ਲੁੱਟਣ ਵਾਲਾ ਕਾਂਗਰਸੀ ਆਗੂ ਸੁਖਵਿੰਦਰ ਲਾਡੀ 3 ਸਾਥੀਆਂ ਸਮੇਤ ਗ੍ਰਿਫ਼ਤਾਰ

ਬੋਹਾ, 19 ਜੁਲਾਈ (ਸੰਤੋਖ ਸਾਗਰ)-ਬੋਹਾ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਜਿਸ ਤਹਿਤ ਗਿਰੋਹ ਦੇ ਮੁੱਖ ਸਰਗਨਾ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਉਰਫ ਲਾਡੀ ਸਮੇਤ ਚਾਰ ਵਿਆਕਤੀਆਂ ਨੂੰ ਗ੍ਰਿਰਫਤਾਰ ਕੀਤਾ ਗਿਆ ਹੈ।ਥਾਨਾ ਮੁੱਖੀ ਗੁਰਵੀਰ ਸਿੰਘ ਬਰਾੜ ਨੇ ਦੱਸਿਆ ਕਿ ਲੰਘੀ 14-15 ਜੁਲਾਈ ਦੀ ਰਾਤ ਨੂੰ ਥਾਨਾ ਬੋਹਾ ਦੇ ਪਿੰਡ ਸਤੀਕੇ ਦੇ ਸ਼ਰਾਬ ਦੇ ਠੇਕੇ ਉਪਰ ਉਕਤ ਗਿਰੋਹ ਨੇ ਠੇਕੇ ਦੇ ਕਰਿੰਦੇ ਉਪਰ ਪਸਤੌਲ ਤਾਣਕੇ ਉਥੋ 3500 ਰੁਪਏ ਨਗਦ ਅਤੇ 30 ਡੱਬੇ ਮੋਟਾ ਸੰਤਰਾ ਮਾਰਕਾ ਸ਼ਰਾਬ ਦੇਸੀ ਦੀ ਲੁੱਟ-ਖੋਹ ਕੀਤੀ ਸੀ।ਜਿਸ ਬਾਰੇ ਠੇਕੇਦਾਰ ਸੁਖਬੀਰ ਸਿੰਘ ਵਾਸੀ ਬੁਢਲਾਡਾ ਨੇ ਥਾਨਾ ਬੋਹਾ ਵਿਖੇ ਰਿਪੋਰਟ ਦਰਜ ਕਰਵਾਈ ਸੀ।ਥਾਨਾ ਮੁੱਖੀ ਨੇ ਦੱਸਿਆ ਕਿ ਠੇਕੇ ਉਪਰ ਲੁੱਟ-ਖੋਹ ਦੀ ਵਾਰਦਾਤ ੳਪੁਰੰਤ ਪੁਲਿਸ ਮੁਸਤੈਦੀ ਹੋਰ ਵਧਾ ਦਿੱਤੀ ਗਈ ਜਿਸ ਤਹਿਤ ਏ.ਐਸ.ਆਈ ਅਮਰੀਕ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਉਕਤ ਚੋਰ ਗਿਰੋਹ ਦੇ ਚਾਰ ਮੈਬਰਾਂ ਨੂੰ ਉਸ ਸਮੇ ਦਬੋਚ ਲਿਆ ਜਦ ਸੈਦੇਵਾਲਾ-ਸਤੀਕੇ ਸੜਕ ਨੇੜੇ ਰਜਬਾਹੇ ਦੇ ਪੁਲ ਉਪਰ ਲੱਗੇ ਪੁਲਿਸ ਨਾਕੇ ਨੂੰ ਦੇਖਕੇ ਬਲੈਰੋ ਚ ਸਵਾਰ ਚਾਰ ਨੌਜਵਾਨ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਜਰਨੈਲ ਸਿੰਘ, ਹਰਕਰਨ ਸਿੰਘ,ਕਾਲਾ ਸਿੰਘ ਪੁੱਤਰ ਬਾਬੂ ਸਿੰਘ ਅਤੇ ਗਰਵਿੰਦਰ ਸਿੰਘ ਉਰਫ ਗੱਗੀ ਪੁੱਤਰ ਰਾਮ ਸਿੰਘ ਸਾਰੇ ਜੱਟ ਸਿੱਖ ਵਾਸੀ ਪਿੰਡ ਰਾਮਪੁਰ ਮੰਡੇਰ, ਥਾਨਾ ਬੋਹਾ, ਘਬਰਾ ਗਏ।ਸ਼ੱਕ ਪੈਣ ਤੇ ਪੁਲਿਸ ਪਾਰਟੀ ਨੇ ਜਦ ਉਕਤ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨਾਂ ਕੋਲ ਇੱਕ ਪਸਤੌਲ ਵੀ ਬਰਾਮਦ ਹੋਇਆ ਹੈ।ਥਾਨਾ ਮੁੱਖੀ ਨੇ ਦੱਸਿਆ ਕਿ ਪਹਿਲੀ ਪੜਤਾਲ ਦੌਰਾਨ ਉਕਤ ਨੌਜਵਾਨਾਂ ਨੇ 14-15 ਜੁਲਾਈ ਦੀ ਰਾਤ ਨੂੰ ਪਿੰਡ ਸਤੀਕੇ ਦੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਘਟਨਾਂ ਸਵੀਕਾਰ ਕੀਤੀ ਹੈ।ਜਿਸ ਤਹਿਤ ਮੁਕੱਦਮਾਂ ਨੰਬਰ 65 ਅਧੀਨ ਧਾਰਾ 392 ਆਈ.ਪੀ.ਸੀ ਅਤੇ ਆਰਮਡ ਐਕਟ ਦੀ ਧਾਰਾ 25/27/54/59 ਤਹਿਤ ਮੁਕੱਦਮਾਂ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਥੇ ਦੱਸ ਦੇਈਏ ਕਿ ਰਾਮਪੁਰ ਮੰਡੇਰ ਨੇੜਲੇ ਏਰੀਏ ਚ ਪਿਛਲੇ ਕੁਝ ਸਮੇ ਚ ਲੁੱਟਾਂ-ਖੋਹਾਂ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਜਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਪਸ਼ੂਆਂ ਦੇ ਵਪਾਰੀ ਦੀ ਵੀ ਲੁੱਟ ਖੋ ਕੀਤੀ ਗਈ ਹੈ ।ਜੇਕਰ ਪੁਲਿਸ ਗਹਿਰਾਈ ਨਾਲ ਪੜਤਾਲ ਕਰੇ ਤਾਂ ਕਈ ਹੋਰ ਅੰਨੇ ਕੇਸਾਂ ਨੂੰ ਸੁਲਝਾਇਆ ਜਾ ਸਕਦਾ ਹੈ।ਓਧਰ ਮਾਮਲੇ ਦੀ ਪੜਤਾਲ ਕਰ ਰਹੇ ਏ.ਐਸ.ਆਈ ਅਮਰੀਕ ਸਿੰਘ ਅਤੇ ਹਵਲਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਭਲਕੇ ਮਾਣਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ ਜਿੱਥੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਦੋਸ਼ੀਆਂ ਦੇ ਪੁਲਿਸ ਰਿਮਾਡ ਦਿੱਤੇ ਜਾਣ ਦੀ ਬੇਨਤੀ ਕੀਤੀ ਜਾਵੇਗੀ।

Send this to a friend