ਗੁਰਭਜਨ ਗਿੱਲ – ਕੈਨੇਡਾ ਦੇ ਸ਼ਹਿਰ ਕਲੋਨਾ ਵਿੱਚ ਵੱਸਦਾ ਰਸਦਾ ਕੁਝ ਦਿਨ ਪਹਿਲਾਂ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ, ਹਰ ਵੇਲੇ ਖੁਸ਼ ਰਹਿਣਾ ਸੀ ਸਤਿੰਦਰ ਪਾਲ ਸਿੰਘ ਘੁੰਮਣ। ਸ਼ਾਇਦ ਤਾਂ ਹੀ ਬਚਪਨ ਵਿੱਚ ਉਸ ਨੂੰ ਹੈਪੀ ਕਹਿਣ ਲੱਗ ਪਏ ਹੋਣਗੇ। ਜਿਹੜੀ ਉਮਰੇ ਉਹ ਸਦੀਵੀ ਅਲਵਿਦਾ ਕਹਿ ਗਿਐ, ਇਸ ਉਮਰੇ ਤਾਂ ਦੁਸ਼ਮਣ ਦਾ ਜਵਾਨ ਪੁੱਤਰ ਨਾ ਜਾਵੇ। ਸਤਿੰਦਰਪਾਲ ਸਿੰਘ ਘੁੰਮਣ ਸਿਆਲਕੋਟ ਦੇ ਪਿੰਡ ਦੁਲਚੀ ਕੇ ਤੋਂ 1947 ਵਿੱਚ ਉੱਜੜ ਕੇ ਆਏ ਘੁੰਮਣ ਪਰਿਵਾਰ ਦਾ ਰੌਸ਼ਨ ਚਿਰਾਗ ਸੀ। ਸ: ਸਰਦੂਲ ਸਿੰਘ ਘੁੰਮਣ ਨੂੰ ਪੱਕਾ ਵਸੇਬ ਪਿੰਡ ਗੋਹਾਵਰ (ਨੇੜੇ ਗੁਰਾਇਆ) ਜ਼ਿਲਾ ਜਲੰਧਰ ਵਿੱਚ ਨਸੀਬ ਹੋਇਆ। ਭਾਰਤੀ ਸੈਨਾ ਵਿੱਚ ਸੇਵਾਲੀਨ ਸ: ਸਰਦੂਲ ਸਿੰਘ ਦੀ ਵੱਡੀ ਧੀ ਤੋਂ ਬਾਅਦ ਦੋ ਪੁੱਤਰਾਂ ਵਿਚੋਂ ਨਿੱਕਾ ਸੀ ਹੈਪੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਟਾ (ਜਲੰਧਰ) ਤੋਂ ਮੁੱਢਲੀ ਪੜਾਈ ਕਰਕੇ ਜੀ ਜੀ ਐਨ ਖਾਲਸਾ ਕਾਲਿਜ ਲੁਧਿਆਣਾ ਵਿੱਚ ਪੜਨ ਆ ਲੱਗਾ। ਪ੍ਰੋ: ਤਰਲੋਚਨ ਸਿੰਘ ਆਨੰਦ ਨੇ ਭੰਗੜਾ ਟੀਮ ਵਿੱਚ ਹੈਪੀ ਨੂੰ ਚੁਣ ਲਿਆ। ਉਸ ਦੇ ਕੋਚ ਹ ਸ ਬਾਜਵਾ ਦੀ ਅਗਵਾਈ ਹੇਠ ਟੀਮ ਨੇ ਚੰਗੀ ਕਾਰਗੁਜ਼ਾਰੀ ਵਿਖਾਈ। ਅਗਲੇ ਸਾਲ ਉਹ ਲਾਇਲਪੁਰ ਖਾਲਸਾ ਕਾਲਿਜ ਜਲੰਧਰ ਚਲਾ ਗਿਆ ਜਿੱਥੇ ਪ੍ਰੋ: ਇੰਦਰਜੀਤ ਸਿੰਘ ਵਰਗੇ ਉਸਤਾਦ ਦੀ ਦੇਖ ਰੇਖ ਹੇਠ ਉਹ ਸਰਬਜੀਤ ਚੀਮਾ ਤੇ ਕੇ ਐੱਸ ਮੱਖਣ ਨਾਲ ਭੰਗੜਾ ਪਾਉਂਦਾ ਰਿਹਾ। ਦੂਰਦਰਸ਼ਨ ਦੇ ਕਈ ਵਰਾਇਟੀ ਪ੍ਰੋਗਰਾਮਾਂ ਵਿੱਚ ਭੰਗੜਾ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸ ਕੋਲ ਸਿਆਲਕੋਟੀ ਭੰਗੜੇ ਦੀ ਵਿਰਾਸਤ ਸੀ। ਮੰਚ ਤੇ ਆਪਣੇ ਵਜੂਦ ਤੋਂ ਦੁੱਗਣਾ ਭੁਗਤਦਾ ।
ਆਪਣੇ ਵੱਡੇ ਵੀਰ ਬਲਵਿੰਦਰ ਸਿੰਘ ਘੁੰਮਣ ਤੇ ਬਾਕੀ ਰਿਸ਼ਤੇਦਾਰੀਆਂ ਵਿੱਚ ਉਹ ਲਾਡਲਾ ਨਿੱਕਾ ਵੀਰ ਸੀ। ਮੇਰੀ ਜੀਵਨ ਸਾਥਣ ਤੋਂ ਉਮਰੋਂ ਭਾਵੇਂ ਚੋਖਾ ਨਿੱਕਾ ਸੀ ਪਰ ਉਹ ਆਪਣੀ ਭੂਆ ਦੇ ਪੁੱਤਰ ਹੈਪੀ ਦੇ ਸਾਹੀਂ ਜਿਉੂਂਦੀ । ਬੱਚਿਆਂ ਲਈ ਉਹ ਨਿੱਕਾ ਜਿਹਾ ਰੱਬ ਸੀ। ਬੇਟੀ ਇਕਨੂਰ ਤੇ ਬੇਟੇ ਮਨਤੇਜ ਨੂੰ ਸਿੱਖਿਆ ਪੱਖੋਂ ਸਿਖਰਲੇ ਵਿੱਦਿਆ ਕੇਂਦਰਾਂ ਵਿੱਚ ਪੜਾਉਣਾ ਚਾਹੁੰਦਾ ਸੀ। ਪਰ ਡੋਰ ਸਾਹਾਂ ਦੀ ਵਿਚਕਾਰੋਂ ਜਲਦੀ ਟੁੱਟ ਗਈ। ਉਵੇਂ ਹੀ ਸੂਰਜ ਚੜਨਗੇ, ਲਹਿਣਗੇ ਪਰ ਸਤਿੰਦਰਪਾਲ ਘੁੰਮਣ ਦੇ ਹਿੱਸੇ ਦਾ ਅੰਬਰ ਤਾਰਿਆਂ ਹੀਣ ਹੋ ਗਿਆ ਹੈ। ਉਸਦੀ ਜੀਵਨ ਕਹਾਣੀ ਵਿੱਚ ਬੜਾ ਕੁਝ ਹੋਰ ਗੂੜੀ ਲਿਖਤ ਜਿਹਾ ਹੋਣਾ ਸੀ ਪਰ ਕਾਹਲ ਕਰ ਗਿਆ ਜਾਣ ਵਿੱਚ। ਬਿਰਧ ਮਾਂ ਬਾਪ, ਭੈਣਾਂ, ਭਰਾ, ਜੀਵਨ ਸਾਥਣ ਤੇ ਬੱਚੇ ਬਹੁਤ ਇਕੱਲੇ ਕਰ ਗਿਐ। 21 ਜੁਲਾਈ 2017 ਨੂੰ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦੇਵਿੰਦਰ ਸਿੰਘ ਬਟਾਲੇ ਵਾਲੇ ਜਦ ਉਸ ਦੇ ਘਰ ਪਿੰਡ ਗੋਹਾਵਰ (ਨੇੜੇ ਗੁਰਾਇਆ) ਜ਼ਿਲਾ ਜਲੰਧਰ ਵਿੱਚ ਅੰਤਿਮ ਅਰਦਾਸ ਉਪਰੰਤ ਕੀਰਤਨ ਕਰਨਗੇ ਤਾਂ ਹੈਪੀ ਬਿਨ ਘਰ ਕਿਹੋ ਜਿਹਾ ਲੱਗੇਗਾ, ਦੱਸਣਾ ਮੁਹਾਲ ਹੈ।