ਅਕਾਲੀ ਦਲ ਵੱਲੋਂ ਗੁਰੂਹਰਸਹਾਇ ਕਤਲ ਕਾਂਡ ਦੀ ਨਿਖੇਧੀ

ਪੁਲਿਸ ਨੇ ਸਮੇਂ ਉੱਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਕਾਂਡ ਟਲ ਸਕਦਾ ਸੀ

ਚੰਡੀਗੜ /18 ਜੁਲਾਈ/ ਸ਼੍ਰੋਮਣੀ ਅਕਾਲੀ ਦਲ ਨੇ ਕੱਲ ਗੁਰੂਹਰਸਹਾਇ ਵਿਖੇ ਹੋਏ ਕਤਲ ਕਾਂਡ,ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਤੋਂ ਇਲਾਵਾ ਕਈ ਵਿਅਕਤੀ ਜ਼ਖਮੀ ਹੋ ਗਏ ਸਨ ਦੀ ਨਿਖੇਧੀ ਕਰਦਿਆਂ ਅੱਜ ਕਿਹਾ ਹੈ ਕਿ ਇਹ ਕਾਂਡ ਸੂਬਾ ਪੁਲਿਸ ਵੱਲੋਂ ਸਮੇਂ ਉੱਤੇ ਕਾਰਵਾਈ ਨਾ ਕੀਤੇ ਜਾਣ ਕਰਕੇ ਵਾਪਰਿਆ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਸ ਕਾਤਲਾਨਾ ਹਮਲੇ ਤੋਂ ਇੱਕ ਦਿਨ ਪਹਿਲਾਂ ਹੋਈ ਮਾਮੂਲੀ ਝੜਪ ਦੀ ਵਜਾ ਕਰਕੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਉਹਨਾਂ ਕਿਹਾ ਕਿ ਭਾਵੇਂ ਕਿ ਝੜਪ ਮਗਰੋਂ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ, ਪਰ ਇਸ ਨੇ ਸਿਆਸੀ ਦਬਾਅ ਕਰਕੇ ਹਮਲਾਵਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ। ਨਤੀਜਾ ਇਹ ਹੋਇਆ ਕਿ ਪੱਲੇ ਚੱਕ ਪਿੰਡ ਦੇ ਨੌਜਵਾਨਾਂ ਲਖਵਿੰਦਰ ਅਤੇ ਬੇਅੰਤ ਉੱਤੇ ਦੁਬਾਰਾ ਹਮਲਾ ਹੋ ਗਿਆ,ਜਿਸ ਵਿਚ ਉਹਨਾਂ ਦੋਵਾਂ ਦੀ ਮੌਤ ਹੋ ਗਈ ਅਤੇ ਕਿੰਨੇ ਹੋਰ ਜ਼ਖਮੀ ਹੋ ਗਏ। ਸਰਦਾਰ ਮਲੂਕਾ ਨੇ ਕਿਹਾ ਕਿ ਕਤਲ ਕਾਂਡ ਤੋਂ ਇੱਕ ਦਿਨ ਪਹਿਲਾਂ ਨਛੱਤਰ ਸਿੰਘ ਅਤੇ ਨਿਸ਼ਾਨ ਸਿੰਘ ਨਾਲ ਆਏ ਇੱਕ ਟੋਲੇ ਨੇ ਹਮਲਾ ਕਰਕੇ ਤਿੰਨ ਔਰਤਾਂ ਨੂੰ ਜ਼ਖਮੀ ਕਰ ਦਿੱਤਾ ਸੀ, ਜਿਹਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ ਸੀ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਹੁੰਦੀ ਤਾਂ ਉਸ ਤੋਂ ਬਾਅਦ ਹੋਏ ਕਤਲਾਂ ਨੂੰ ਰੋਕਿਆ ਜਾ ਸਕਦਾ ਸੀ।
ਉਹਨਾਂ ਕਿਹਾ ਕਿ ਪੁਲਿਸ ਦੇ ਕੰਮਕਾਜ ਵਿਚ ਸਿਆਸੀ ਦਖ਼ਲ-ਅੰਦਾਜ਼ੀ ਨੂੰ ਨੱਥ ਪਾਉਣ ਵਿਚ ਕਾਂਗਰਸ ਸਰਕਾਰ ਦੀ ਨਾਕਾਮੀ ਨੇ ਸੂਬੇ ਅੰਦਰ ਜੰਗਲ ਰਾਜ ਵਰਗਾ ਮਾਹੌਲ ਬਣਾ ਦਿੱਤਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਜੇ ਇਸ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਪਿਛਲੇ 4 ਮਹੀਨਿਆਂ ਦੀ ਹਕੂਮਤ ਦੌਰਾਨ ਪੁਲਿਸ ਮਾਮਲਿਆਂ ਵਿਚ ਸਿਆਸੀ ਦਖ਼ਲ-ਅੰਦਾਜ਼ੀ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤਰਾਂ ਲੱਗਦਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਵਰਕਰਾਂ ਨੂੰ ਸਿਆਸੀ ਕਿੜਾਂ ਕੱਢਣ ਦੀ ਖੁੱਲੀ ਛੋਟ ਦੇ ਰੱਖੀ ਹੈ। ਜਿਸ ਨਾਲ ਸਮਾਜ-ਵਿਰੋਧੀ ਅਨਸਰਾਂ ਦੇ ਹੌਂਸਲੇ ਵਧ ਗਏ ਹਨ ਅਤੇ ਉਹ ਡਕੈਤੀਆਂ ਅਤੇ ਬਦਲੇਖੋਰੀ ਦੀਆਂ ਘਟਨਾਵਾਂ ਨੂੰ ਬੇਖੌਫ਼ ਹੋ ਕੇ ਅੰਜ਼ਾਮ ਦੇ ਰਹੇ ਹਨ।

 

Send this to a friend