ਯੂਕੇ ਦੇ ਕਾਰੋਬਾਰੀ ਲਾਰਡ ਰਾਣਾ ਖੇਡਾਂ ਤੇ ਸਿੱਖਿਆ ’ਚ ਨਿਵੇਸ਼ ਦੇ ਚਾਹਵਾਨ

ਲਾਰਡ ਦਲਜੀਤ ਰਾਣਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ

image ਚੰਡੀਗੜ੍ਹ, 14 ਜੁਲਾਈ- ਬਰਤਾਨੀਆ ਦੇ ਭਾਰਤੀ ਮੂਲ ਦੇ ਕਾਰੋਬਾਰੀ ਲਾਰਡ ਦਲਜੀਤ ਰਾਣਾ ਨੇ ਪੰਜਾਬ ਵਿਚ ਵੱਖ-ਵੱਖ ਖੇਤਰਾਂ ਖਾਸ ਤੌਰ ’ਤੇ ਸਿੱਖਿਆ ਤੇ ਖੇਡਾਂ ਵਿਚ ਨਿਵੇਸ਼ ਕਰਨ ’ਚ ਡੂੰਘੀ ਦਿਲਚਸਪੀ ਜ਼ਾਹਰ ਕੀਤੀ। ਉਨ੍ਹਾਂ ਵੱਲੋਂ ਫਤਿਹਗੜ੍ਹ ਜ਼ਿਲ੍ਹੇ ਵਿਚ ਆਪਣੇ ਜੱਦੀ ਪਿੰਡ ਸੰਘੋਲ ਵਿਚ ਸਿੱਖਿਆ ਤੇ ਖੇਡਾਂ ਲਈ ਉਚ ਦਰਜੇ ਦਾ ਕੇਂਦਰ ਸਥਾਪਤ ਕਰਨ ਦੀ ਵੀ ਇੱਛਾ ਪ੍ਰਗਟਾਈ ਗਈ ਤਾਂ ਕਿ ਪੇਂਡੂ ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋ ਸਕੇ। ਉਤਰੀ ਆਇਰਲੈਂਡ ਵਿਚ ਭਾਰਤ ਦੇ ਆਨਰੇਰੀ ਕੌਂਸਲ ਲਾਰਡ ਦਲਜੀਤ ਨੇ ਅੱਜ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸੂਬੇ ਵਿਚ ਸਿੱਖਿਆ ਤੇ ਖੇਡਾਂ ਨੂੰ ਹੁਲਾਰਾ ਦੇਣ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ। ਉਘੇ ਪ੍ਰਾਪਰਟੀ ਤੇ ਹੋਟਲ ਕਾਰੋਬਾਰੀ ਲਾਰਡ ਦਲਜੀਤ ਨੇ ਖੇਡਾਂ ਤੇ ਸਿੱਖਿਆ ਵਿਚ ਉਚ ਦਰਜੇ ਦਾ ਕੇਂਦਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਤਾਂ ਕਿ ਸੂਬੇ ਵਿਚ ਨੌਜਵਾਨਾਂ ਦੀ ਸ਼ਖਸੀਅਤ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਾਇਆ ਕਿ ਪਿੰਡ ਸੰਘੋਲ ਵਿਖੇ ਸਾਊਥਹਾਲ ਫੁਟਬਾਲ ਕਲੱਬ ਦੇ ਸਹਿਯੋਗ ਨਾਲ ਕੌਮਾਂਤਰੀ ਪੱਧਰ ਦੀ ਫੁਟਬਾਲ ਅਕੈਡਮੀ ਪਹਿਲਾਂ ਹੀ ਸਥਾਪਤ ਕੀਤੀ ਜਾ ਚੁੱਕੀ ਹੈ ਤਾਂ ਕਿ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਫੁਟਬਾਲ ਮੁਕਾਬਲੇਬਾਜ਼ੀ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਸਥਾਨਕ ਕੋਚਾਂ ਨੂੰ ਸਿਖਲਾਈ ਦੇਣ ਲਈ ਦੂਜੇ ਮੁਲਕਾਂ ਤੋਂ ਅੰਤਰ-ਰਾਸ਼ਟਰੀ ਪੱਧਰ ਦੇ ਕੋਚ ਬੁਲਾਏ ਜਾਣਗੇ ਅਤੇ ਨੌਜਵਾਨਾਂ ਨੂੰ ਵੀ ਵਿਦੇਸ਼ੀ ਟੀਮਾਂ ਨਾਲ ਮੈਚ ਕਰਵਾ ਕੇ ਬਿਹਤਰੀਨ ਮੌਕੇ ਪ੍ਰਦਾਨ ਕੀਤੇ ਜਾਣਗੇ।
ਲਾਰਡ ਦਲਜੀਤ ਨੇ ਸੂਬਾ ਭਰ ਵਿਚ ਵਿਰਾਸਤੀ ਥਾਵਾਂ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ’ਤੇ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਅਜਿਹੀਆਂ ਥਾਵਾਂ ਦੀ ਸੰਭਾਲ ਲਈ ਵਿਆਪਕ ਪੱਧਰ ’ਤੇ ਯੋਜਨਾ ਨੂੰ ਪਹਿਲਾਂ ਹੀ ਅਮਲ ਵਿਚ ਲਿਆਂਦਾ ਹੋਇਆ ਹੈ ਜਿਸ ਤਹਿਤ ਪਟਿਆਲਾ ਵਿਚ ਕਿਲ੍ਹਾ ਮੁਬਾਰਕ ਅਤੇ ਅੰਮ੍ਰਿਤਸਰ ਵਿਖੇ ਕਿਲ੍ਹਾ ਗੋਬਿੰਦਗੜ੍ਹ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਪਹਿਲਾਂ ਹੀ ਸਮਰਪਤ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਨੇ ਵਫਦ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੂਬੇ ਦੇ ਹਰੇਕ ਕਿਲ੍ਹੇ ਦੀ  ਵਿਰਾਸਤੀ ਦਿੱਖ ਬਹਾਲ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਪ੍ਰਾਇਵੇਟ ਸੈਕਟਰ ਦੀ ਭਾਈਵਾਲੀ ਨਾਲ ਇਨ੍ਹਾਂ ਥਾਵਾਂ ਨੂੰ ਵਿਰਾਸਤੀ ਹੋਟਲਾਂ ਤੇ ਸਬੰਧਤ ਸਥਾਨਾਂ ਵਿਚ ਤਬਦੀਲ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਿਰਾਸਤੀ ਸੈਰ-ਸਪਾਟੇ ਨੂੰ ਵੱਡੇ ਪੱਧਰ ’ਤੇ ਉਤਸ਼ਾਹਤ ਕਰੇਗੀ। ਲਾਰਡ ਦਲਜੀਤ ਨੇ ਸੂਬੇ ਵਿਚ ਇਕ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਨੇ ਪਿਛਲੀ ਸਰਕਾਰ ਦੌਰਾਨ ਬੀਤੇ ਦੋ ਸਾਲਾਂ ਤੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਬਕਾਏ ਵਜ਼ੀਫੇ ਦਾ ਮਸਲਾ ਵੀ ਉਠਾਇਆ ਜਿਸ ਸਬੰਧੀ ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਛੇਤੀ ਜਾਰੀ ਕਰਨ ਦਾ ਭਰੋਸਾ ਦਿਵਾਇਆ।
ਮੁੱਖ ਮੰਤਰੀ ਜਿਨ੍ਹਾਂ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਹਾਜ਼ਰ ਸਨ, ਨੇ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਕੋਰਡੀਆ ਐਜੂਕੇਸ਼ਨਲ ਇੰਸਟੀਚਿਊਟ ਦੇ ਕਾਰਜਕਾਰੀ ਟਰਸਟੀ ਉਰਮਿਲ ਵਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ 22 ਖੇਤਰਾਂ ਵਿਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਸਾਡੇ ਨੌਜਵਾਨ ਕੌਮਾਂਤਰੀ ਪੱਧਰ ਦੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਯੋਗ ਹੋ ਸਕਣ।

Send this to a friend