June 17, 2026 11:38 am

ਕੇਂਦਰ ਸੌੜੇ ਸਿਆਸੀ ਹਿੱਤਾਂ ਖਾਤਿਰ ਰੋਕ ਰਿਹੈ ਪੰਜਾਬ ਦੇ ਵਿਕਾਸ ਪ੍ਰੋਜੈਕਟ : ਬਾਦਲ

ਗਿੱਦੜਬਾਹਾ/ ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਜਾਣਬੁਝ ਕੇ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਵਿਚ ਰੁਕਾਵਟਾਂ ਖੜੀਆਂ ਕਰਕੇ ਉਨ੍ਹਾਂ ਦੇ ਮੁਕੰਮਲ ਹੋਣ ਵਿਚ ਦੇਰੀ ਕਰ ਰਹੀ ਹੈ।
ਅੱਜ ਇੱਥੇ ਗੁਰੂ ਗੋਬਿੰਦ ਸਿੰਘ ਸਿੱਖਿਆ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਦੇ 55ਵੇਂ ਜੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਨਹਿੱਤ ਦੇ ਅਨੇਕਾਂ ਵੱਡੇ ਅਤੇ ਮਹੱਤਵਪੂਰਨ ਪ੍ਰੋਜੈਕਟ ਜੋ ਸਾਰਾ ਕੰਮ ਮੁਕੰਮਲ ਹੋਣ ਤੇ ਬਾਵਜੂਦ ਵੀ ਸਿਰਫ਼ ਇਸ ਲਈ ਸ਼ੁਰੂ ਨਹੀਂ ਹੋ ਪਾ ਰਹੇ ਕਿ ਕੇਂਦਰ ਸਰਕਾਰ ਇੰਨ੍ਹਾਂ ਨੂੰ ਸ਼ੁਰੂ ਕਰਨ ਦੀ ਪ੍ਰਵਾਨਗੀ ਨਹੀਂ ਦੇ ਰਹੀ ਹੈ। ਉਨ੍ਹਾਂ ਬਠਿੰਡਾ ਹਵਾਈ ਅੱਡੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇੱਥੇ ਪੰਜਾਬ ਸਰਕਾਰ ਦੇ ਕਰਨ ਵਾਲਾ ਸਾਰਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਕੇਂਦਰੀ ਹਵਾਬਾਜੀ ਮੰਤਰਾਲਾ ਇੱਥੋਂ ਉਡਾਣਾ ਸ਼ੁਰੂ ਕਰਨ ਦੀ ਪ੍ਰਵਾਨਗੀ ਨਹੀਂ ਦੇ ਰਿਹਾ ਹੈ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਖੁਦ ਵੀ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਹੈ ਪਰ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਾਂਗਰਸ ਦਾ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਦੀ ਸੂਚੀ ਬਹੁਤ ਲੰਬੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਪ੍ਰਤੀ ਮੰਦ ਭਾਵਨਾ ਰੱਖਦੀ ਹੈ ਅਤੇ ਸੂਬੇ ਦੇ ਵਿਕਾਸ ਦੀ ਗਤੀ ਨੂੰ ਧੀਮਾ ਕਰਨ ਦੀਆਂ ਕੋਸ਼ਿਸਾਂ ਕਰਦੀ ਰਹਿੰਦੀ ਹੈ। ਸ: ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਇਸ ਕਦਰ ਨੀਵੇਂ ਦਰਜੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਪੰਜਾਬ ਦੇ ਸੁਚੇਤ ਲੋਕ ਇਸ ਗੁਨਾਹ ਲਈ ਕਾਂਗਰਸ ਨੂੰ ਕਦੇ ਮਾਫ ਨਹੀਂ ਕਰਣਗੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗਠਜੋੜ ਦਿੱਲੀ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗਾ ਅਤੇ ਭ੍ਰਿਸ਼ਟਾਚਾਰ ਅਤੇ ਮਹਿੰਗਾਈ ਦਾ ਕਾਰਨ ਬਣਨ ਵਾਲੀ ਕਾਂਗਰਸ ਦਾ ਦਿੱਲੀ ਦੇ ਜਾਗਰੂਕ ਮਤਦਾਤਾ ਸਫਾਇਆ ਕਰ ਦੇਣਗੇ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਦੇ ਮਜਬੂਤ ਭਾਈਵਾਲ ਵਜੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚੋਂ ਕਾਂਗਰਸ ਦੇ ਮੁਕੰਮਲ ਸਫਾਏ ਲਈ ਭਾਰਤੀ ਜਨਤਾ ਪਾਰਟੀ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ ਅਤੇ ਕਾਂਗਰਸ ਨੂੰ ਦਿੱਲੀ ਦੀ ਸੱਤਾ ਤੋਂ ਬਾਹਰ ਕਰਨ ਵਿਚ ਕੋਈ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ।
ਕੁਝ ਰਾਜਾਂ ਵਿਚ ਤੁਫਾਨ ਕਾਰਨ ਹੋਏ ਨੁਕਸਾਨ ਤੇ ਦੁੱਖ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਸਬੰਧੀ ਪ੍ਰਭਾਵਿਤ ਰਾਜਾਂ ਨਾਲ ਤਾਲਮੇਲ ਕਰਕੇ ਹਰ ਪ੍ਰਕਾਰ ਦੀ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਤਰਾਖੰਡ ਵਿਚ ਆਈ ਕੁਦਰਤੀ ਕਰੋਪੀ ਸਮੇਂ ਵੀ ਉੱਥੇ ਰਾਹਤ ਕਾਰਜਾਂ ਵਿਚ ਵੱਡਾ ਯੋਗਦਾਨ ਪਾਇਆ ਸੀ।
ਇਸ ਤੋਂ ਪਹਿਲਾਂ ਯੁਵਕ ਮੇਲੇ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨਾਂ ਦੀ ਪ੍ਰਤਿਭਾ ਦੇ ਪ੍ਰਗਟਾਵੇ ਅਤੇ ਉਨ੍ਹਾਂ ਦੀ ਸਖ਼ਸੀਅਤ ਉਸਾਰੀ ਵਿਚ ਬਹੁਤ ਹੀ ਮਹੱਤਵਪੂਰਨ ਭੁਮਿਕਾ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮਿਆਰੀ ਸਿੱਖਿਆ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ। ਇਸ ਲਈ ਹੁਸ਼ਿਆਰ ਵਿਦਿਆਰਥੀਆਂ ਲਈ ਸੁਬਾ ਸਰਕਾਰ 6 ਵਿਸੇਸ਼ ਸਕੂਲ ਸਥਾਪਿਤ ਕਰਨ ਜਾ ਰਹੀ ਹੈ ਜਿਨ੍ਹਾਂ ਵਿਚ ਪੜਾਈ ਅਗਲੇ ਸੈਸ਼ਨ ਤੋਂ ਸ਼ੁਰੂ ਹੋ ਜਾਵੇਗੀ। ਇਸੇ ਤਰਾਂ ਮੈਟ੍ਰਿਕ ਦੀ ਪ੍ਰੀਖਿਆ ਵਿਚ 80 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਲਾਨਾ 30 ਹਜਾਰ ਰੁਪਏ ਦਾ ਵਜੀਫਾ ਦੇਣ ਲਈ ਚਲਾਈ ਡਾ: ਹਰਗੋਬਿੰਦ ਖੁਰਾਣਾ ਸ਼ਕਾਲਰਸ਼ਿਪ ਸਕੀਮ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ।
ਇਸ ਮੌਕੇ ਵਿਦਿਆਰਥੀਆਂ ਨੂੰ ਭਾਵੂਕ ਅੰਦਾਜ ਵਿਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਪਣੀ ਧਰਮ ਪਤਨੀ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਇਸ ਕਾਲਜ ਦੀ ਸਥਾਪਨਾ ਵਿਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਹੁਰਾਂ ਦੀ ਇਹ ਚਾਹਤ ਸੀ ਕਿ ਇਸ ਇਲਾਕੇ ਵਿਚ ਲੜਕੀਆਂ ਲਈ ਸਿੱਖਿਆ ਦੀਆਂ ਵਧੀਆਂ ਸਹੁਲਤਾਂ ਉਪਲਬੱਧ ਹੋਣ। ਉਨ੍ਹਾਂ ਕਿਹਾ ਕਿ ਇਹ ਬੀਬੀ ਬਾਦਲ ਦੇ ਲਈ ਇਹ ਕਾਲਜ ਇਕ ਡ੍ਰੀਮ ਪ੍ਰੋਜੈਕਟ ਸੀ ਅਤੇ ਅੱਜ ਉਨ੍ਹਾਂ ਵੱਲੋਂ ਲਗਾਇਆ ਇਹ ਕਾਲਜ ਰੂਪੀ ਪੌਦਾ ਵੱਡਾ ਰੁੱਖ ਬਣ ਗਿਆ ਹੈ। ਉਨ੍ਹਾਂ ਕਾਲਜ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਐਲਾਣ ਵੀ ਕੀਤਾ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਐਨ.ਆਰ. ਸ਼ਰਮਾ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਿਆ ਅਤੇ ਕਾਲਜ ਬਾਰੇ ਦੱਸਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ: ਹਰਦੀਪ ਸਿੰਘ ਡਿੰਪੀ ਢਿੱਲੋਂ, ਜੱਥੇਦਾਰ ਗੁਰਪਾਲ ਸਿੰਘ ਗੋਰਾ ਅਤੇ ਜੱਥੇਦਾਰ ਨਵਤੇਜ ਸਿੰਘ ਕਾਊੁਣੀ ਦੋਨੋ ਐਸ.ਜੀ.ਪੀ.ਸੀ. ਮੈਂਬਰ, ਪ੍ਰੋ: ਐਨ.ਐਸ. ਮੱਲ੍ਹੀ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ, ਪ੍ਰੋ: ਗੁਰਭਜਨ ਸਿੰਘ ਗਿੱਲ ਡਾਇਰੈਕਟਰ ਪਲਾਨਿੰਗ ਗੁਰੂ ਕਾਸ਼ੀ ਯੂਨੀਵਰਸਿਟੀ, ਡਾ: ਨਵਲ ਕਿਸ਼ੋਰ ਡੀਨ ਪੰਜਾਬ ਯੂਨੀਵਰਸਿਟੀ, ਡਾ: ਨਿਰਮਲ ਜੌੜਾ, ਸ: ਸੁਰਜੀਤ ਸਿੰਘ ਗਿਲਜ਼ੇਵਾਲਾ, ਸ: ਹਰਜੀਤ ਸਿੰਘ ਨੀਲਾ ਮਾਨ ਆਦਿ ਵੀ ਹਾਜਰ ਸਨ।

Send this to a friend