ਸਾਵਣ ਅਸ਼ਟਮੀ ਮੇਲਾ ਸ਼੍ਰੀ ਨੈਣਾ ਦੇਵੀ ਮੌਕੇ ਸ਼ਰਧਾਲੂਆਂ ਦੀ ਸਹੂਲਤ ਲਈ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ : ਐਸ.ਡੀ.ਐਮ.

image ਰੂਪਨਗਰ, 12 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- 24 ਜੁਲਾਈ ਤੋਂ 2 ਅਗਸਤ ਤੱਕ ਉਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠ ਮਾਤਾ ਸ਼੍ਰੀ ਨੈਣਾ ਦੇਵੀ ਮੰਦਿਰ ’ਤੇ ਲੱਗਣ ਵਾਲੇ ਸਾਵਣ ਅਸ਼ਟਮੀ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੇਂ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ। ਇਹ ਨਿਰਦੇਸ਼ ਐਸ.ਡੀ.ਐਮ. ਰਾਕੇਸ਼ ਕੁਮਾਰ ਗਰਗ ਪੀ.ਸੀ.ਐਸ. ਨੇ ਮੇਲਾ ਸਾਵਣ ਅਸ਼ਟਮੀ ਸ਼੍ਰੀ ਨੈਣਾ ਦੇਵੀ ਜੀ ਮੌਕੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਲਈ ਕੀਤੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ। ਰਾਕੇਸ਼ ਗਰਗ ਨੇ ਪੁਲਿਸ ਅਤੇ ਟ੍ਰੈਫਿਕ ਵਿਭਾਗ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਨੂੰ ਦੇਖਦੇ ਹੋਏ ਟ੍ਰੈਫਿਕ ਤੇ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼੍ਰੀ ਨੈਣਾ ਦੇਵੀ ਰੂਟ ਤੇ ਪੈਂਦੀਆਂ 2 ਨਹਿਰਾਂ ਦੇ ਪੁਲ ਘੱਟ ਚੌੜੇ ਹੋਣ ਕਾਰਨ ਰੂਟ ਨੂੰ ਵਨ ਵੇਅ ਕੀਤਾ ਜਾਵੇ ਤਾਂ ਜੋ ਕਿਸੇ ਕਿਸਮ ਦੀ ਆਵਾਜਾਈ ਦੀ ਸਮੱਸਿਆ ਪੈਦਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੀ ਨੈਣਾ ਦੇਵੀ ਜਾਣ ਵਾਲੀਆ ਗੱਡੀਆਂ ਕੌਲਾਂ ਵਾਲਾ ਟੋਭੇ ਤੱਕ ਜਾਣਗੀਆਂ ਅਤੇ ਆਉਂਣ ਸਮੇਂ ਕੌਲਾਂ ਵਾਲਾ ਟੋਭੇ ਤੋਂ ਵਾਇਆ ਗੰਗੂਵਾਲ ਸ਼੍ਰੀ ਅਨੰਦਪੁਰ ਸਾਹਿਬ ਪੁੱਜਣਗੀਆਂ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਸਿਵਲ ਹਸਪਤਾਲਾ ਵਿੱਚ 24 ਘੰਟੇ ਐਮਰਜੈਂਸੀ ਮੈਡੀਕਲ ਸੇਵਾਵਾਂ ਮਿਲਣੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਅਨੁਸਾਰ ਆਰਜ਼ੀ ਡਿਸਪੈਂਸਰੀਆਂ/ਫਰਸਟਏਡ ਪੋਸਟਾਂ ਸਥਾਪਿਤ ਕੀਤੀਆਂ ਜਾਣ ਅਤੇ 2 ਐਂਬੁਲੈਸਾਂ ਐਮਰਜੈਂਸੀ ਵਿੱਚ ਵਰਤਣ ਲਈ 24 ਘੰਟੇ ਉਪਲੱਬਧ ਹੋਣੀਆਂ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਲੋੜ ਮੁਤਾਬਿਕ ਦਵਾਈਆਂ ਆਦਿ ਦਾ ਪ੍ਰਬੰਧ ਸਮੇਂ ਸਿਰ ਕਰ ਲਿਆ ਜਾਵੇ। ਐਸ.ਡੀ.ਐਮ. ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਮੇਲੇ ਦੌਰਾਨ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਸਪਲਾਈ ਨਿਰਵਿਘਨ ਚਾਲੂ ਰੱਖੀ ਜਾਵੇ ਅਤੇ ਸ਼ਰਧਾਲੂਆਂ ਦੀ ਸਹੁਲਤ ਲਈ ਲੋੜ ਅਨੁਸਾਰ ਆਰਜੀ ਪਖਾਨੇ ਬਣਾਏ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪਖਾਨਿਆਂ ਦੀ ਸਾਫ਼ -ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਮੇਲਾ ਖ਼ਤਮ ਹੋਣ ਤੋਂ ਬਾਅਦ ਪਖਾਨੇ ਚੁੱਕ ਕੇ ਤੁਰੰਤ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਸ਼੍ਰੀ ਨੈਣਾਂ ਦੇਵੀ ਜਾਣ ਵਾਲੀ ਸੜਕ ਦੀ ਲੋੜੀਦੀਂ ਮੁਰੰਮਤ 23 ਜੁਲਾਈ ਤੋਂ ਪਹਿਲਾਂ-ਪਹਿਲਾਂ ਕਰਨੀ ਯਕੀਨੀ ਬਣਾਈ ਜਾਵੇ। ਰਾਕੇਸ਼ ਗਰਗ ਨੇ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਲੋੜੀਦੀਂ ਬੱਸ ਸਰਵਿਸ ਚਾਲੂ ਕਰਨ ਦੇ ਯੋਗ ਪ੍ਰਬੰਧ ਕੀਤੇ ਜਾਣ। ਉਨ੍ਹਾਂ ਰੋਡਵੇਜ਼ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਵਾਜਾਈ ਨਿਰਵਿਘਨ ਚਾਲੂ ਰੱਖਣ ਲਈ 2 ਰਿਕਵਰੀ ਵੈਨਾ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਾਰਜ ਸਾਧਕ ਅਫ਼ਸਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ ਸਫ਼ਾਈ ਦੇ ਢੁਕਵੇਂ ਪ੍ਰਬੰਧਾਂ, ਪਾਣੀ ਦੇ ਛਿੜਕਾਅ ਅਤੇ ਫੋਗਿੰਗ ਕਰਨ ਸਬੰਧੀ ਵੀ ਹਦਾਇਤ ਜਾਰੀ ਕੀਤੀ। ਐਸ.ਡੀ.ਐਮ. ਨੇ ਲੋਕ ਨਿਰਮਾਣ ਵਿਭਾਗ (ਬਿਜਲੀ ਵਿੰਗ) ਦੇ ਅਧਿਕਾਰੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੈਣਾਂ ਦੇਵੀ ਰੋਡ ’ਤੇ ਲਗੀਆਂ ਸਟਰੀਟ ਲਾਈਟਾਂ ਨੂੰ 20 ਜੁਲਾਈ ਤੱਕ ਹਰ ਹਾਲਤ ਵਿੱਚ ਚਾਲੂ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੀਟਿੰਗ ਵਿੱਚ ਤਹਿਸੀਲਦਾਰ ਸ਼੍ਰੀ ਅਨੰਦਪੁਰ ਸਾਹਿਬ ਸੁਰਿੰਦਰ ਸਿੰਘ, ਨਾਇਬ ਤਹਿਸੀਲਦਾਰ ਸੁਰਿਦਰਪਾਲ, ਐਸ.ਐਚ.ਓ. ਹਰਕੀਰਤ ਸਿੰਘ, ਐਸ.ਡੀ.ਓ. ਲੋਕ ਨਿਰਮਾਣ ਜਸਪਾਲ ਸਿੰਘ, ਪੀ.ਐਸ.ਪੀ.ਸੀ.ਐਲ. ਇੰਜ. ਓਮ ਪ੍ਰਕਾਸ਼, ਕਾਰਜ ਸਾਧਕ ਅਫ਼ਸਰ ਭਜਨ ਚੰਦ, ਹੁਸਨ ਲਾਲ, ਬਲਦੇਵ ਸਿੰਘ, ਅਨੰਦ ਘਈ, ਇੰਜ. ਰਮਨਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਮੇਜਰ ਸਿੰਘ ਸਟੈਨੋ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ।

Send this to a friend