ਭਗਤਾ ਭਾਈ ਕਾ, 10 ਜੁਲਾਈ (ਸਵਰਨ ਸਿੰਘ ਭਗਤਾ)- ਸੰਤ ਸ਼੍ਰੀ ਹਰਨਾਮ ਸਿੰਘ ਦੀ ਰੂਮੀ ਵਾਲਿਆਂ ਤੋਂ ਵਰਸੋਏ ਸੰਤ ਸ਼੍ਰੀ ਰਾਮ ਸਿੰਘ ਜੀ ਮਲੂਕੇ ਵਾਲਿਆਂ ਦੀ 48ਵੀਂ ਬਰਸੀ ਡੇਰਾ ਸ਼੍ਰੀ ਰਾਮਟਿੱਲਾ ਪਿੰਡ ਮਲੂਕਾ ਵਿਖੇ ਧੂਮਧਾਮ ਨਾਲ ਮਨਾਈ ਗਈ। ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਸ਼ਾਮਲ ਹੋਏ। ਡੇਰੇ ਦੇ ਪ੍ਰਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ਵਿੱਚ 7 ਜੁਲਾਈ ਤੋਂ ਆਰੰਭ ਹੋਏ ਆਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਵੱਖ ਵੱਖ ਧਾਰਮਿਕ ਸਥਾਨਾਂ ਦੇ ਮਹਾਂ ਪੁਰਸ਼ਾਂ ਤੇ ਰਾਗੀ ਜੱਥਿਆਂ ਵੱਲੋਂ ਕੀਰਤਨ ਅਤੇ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਾਵਾ ਯਸ਼ਪ੍ਰੀਤ ਜੀ ਵੱਲੋ ਵੀ ਕਥਾ ਦੇ ਨਾਲ ਨਾਲ ਸੰਤ ਸ਼੍ਰੀ ਰਾਮ ਸਿੰਘ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣਕਾਰੀ ਅਤੇ ਡੇਰੇ ਵੱਲੋਂ ਧਰਮ ਪ੍ਰਚਾਰ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਸਵੇਰੇ 9 ਵਜੇ ਤੋਂ 2 ਵਜੇ ਤੱਕ ਚੱਲੇ ਕੀਰਤਨ ਦੌਰਾਨ ਰਾਗੀ ਜੱਥਾ ਡੇਰਾ ਸ਼੍ਰੀ ਰੂਮੀ ਵਾਲਾ, ਰਾਗੀ ਜੱਥਾ ਰਣਜੀਤ ਸਿੰਘ ਕੋਠਾ ਗੁਰੂ ਕਾ, ਸੰਤ ਲੋਪੋ ਵਾਲੇ, ਨਾਨਕਸਰ ਵਾਲੇ ਤੋਂ ਇਲਾਵਾ ਕਈ ਮਹਾਂ ਪੁਰਸ਼ਾਂ ਨੇ ਸੰਗਤਾਂ ਨੂੰ ਜਿੱਥੇ ਕੀਰਤਨ ਨਾਲ ਨਿਹਾਲ ਕੀਤਾ ਉਥੇ ਹੀ ਇਨ੍ਹਾਂ ਮਹਾਂ ਪੁਰਸ਼ਾਂ ਵੱਲੋਂ ਜਿੰਦਗੀ ਵਿੱਚ ਧਰਮ ਦੀ ਮਹਤੱਤਾ ਅਤੇ ਬਾਣੀ ਨਾਲ ਜੁੜਣ ਦਾ ਸੁਨੇਹਾ ਦਿੱਤਾ। ਸਮਾਗਮ ਵਿੱਚ ਪੰਜਾਬ ਅਤੇ ਨਾਲ ਲੱਗਦੇ ਕਈ ਸੂਬਿਆਂ ਵਿੱਚੋਂ ਧਾਰਮਿਕ ਆਗੂਆਂ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਲਾਹਕਾਰ ਭਰਤਇੰਦਰ ਸਿੰਘ ਚਹਿਲ, ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜਿਲਾ ਸ਼ੈਸ਼ਨ ਜੱਜ ਪਰਮਜੀਤ ਸਿੰਘ ਤੇ ਵੱਖ ਵੱਖ ਰਾਜਨੀਤਿਕ ਤੇ ਸਮਾਜਿਕ ਜੱਥੇਬੰਦੀਆਂ ਤੇ ਇਲਾਕੇ ਦੀਆਂ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਡੇਰਾ ਸ਼੍ਰੀ ਰਾਮਟਿੱਲਾ ਵੱਲੋ ਗੋਡਿਆਂ ਦੇ ਦਰਦ ਅਤੇ ਸਰਵਾਈਕਲ ਦੇ ਇਲਾਜ ਲਈ ਮੁਫਤ ਕੈਂਪ ਵੀ ਲਗਾਇਆ ਗਿਆ। ਡੇਰੇ ਦੇ ਪ੍ਰਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਵੱਲੋ ਡੇਰੇ ਵਿੱਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਭਾਰੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਸੰਤ ਸ਼੍ਰੀ ਰਾਮ ਸਿੰਘ ਜੀ ਮਲੂਕਾ ਵਾਲਿਆਂ ਦੀ ਬਰਸੀ ਮਨਾਈ



