ਅਦਾਲਤ ਨੇ 13 ਤੱਕ ਭੇਜਿਆ ਪੁਲਿਸ ਰਿਮਾਂਡ ’ਤੇ
ਤਲਵੰਡੀ ਸਾਬੋ, 10 ਜੁਲਾਈ (ਰਾਮ ਰੇਸ਼ਮ ਨਥੇਹਾ)- ਬੀਤੇ ਦਿਨੀਂ ਨਸ਼ਾ ਤਸਕਰ ਕਹਿ ਕੇ ਮਾਰੇ ਮੋਨੂ ਅਰੋੜਾ ਦੀ ਮੌਤ ਉਪਰੰਤ ਸੁਰਖੀਆਂ ਵਿੱਚ ਆਏ ਭਾਗੀਵਾਂਦਰ ਕਾਂਡ ਵਿੱਚ ਪੁਲਿਸ ਨੇ ਇੱਕ ਹੋਰ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਾਨਯੋਗ ਅਦਾਲਤ ਨੇ ਕਥਿਤ ਦੋਸ਼ੀ ਨੂੰ 13 ਜੁਲਾਈ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਗੌਰਤਲਬ ਹੈ ਕਿ ਬੀਤੀ 8 ਜੁਲਾਈ ਨੂੰ ਪਿੰਡ ਭਾਗੀਵਾਂਦਰ ਵਿਖੇ ਮੋਨੂੰ ਅਰੋੜਾ ਨਾਮੀ ਇੱਕ ਨੌਜਵਾਨ ਨੂੰ ਨਸ਼ਾ ਤਸਕਰ ਦੱਸ ਕੇ ਬੜੀ ਬੇਰਹਿਮੀ ਨਾਲ ਵੱਢਣ ਉਪਰੰਤ ਉਸਨੂੰ ਪਿੰਡ ਦੀ ਸੱਥ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਜਖਮਾਂ ਦੀ ਤਾਬ ਨਾ ਝੱਲਦਿਆਂ ਉਕਤ ਨੌਜਵਾਨ ਜੇਰੇ ਇਲਾਜ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਮ ਤੋੜ ਗਿਆ ਸੀ। ਤਲਵੰਡੀ ਸਾਬੋ ਪੁਲਿਸ ਨੇ ਇਸ ਮਾਮਲੇ ਵਿੱਚ ਮੋਨੂੰ ਅਰੋੜਾ ਦੇ ਭਰਾ ਕੁਲਦੀਪ ਕੁਮਾਰ ਦੇ ਬਿਆਨਾਂ ’ਤੇ ਪਿੰਡ ਭਾਗੀਵਾਂਦਰ ਦੇ 13 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਸੀ। ਬਾਅਦ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਉਕਤ ਮਾਮਲੇ ਨੂੰ ਨਸ਼ਾ ਤਸਕਰੀ ਦਾ ਨਾ ਦੱਸ ਕੇ ਨਿੱਜੀ ਰੰਜਿਸ਼ ਦਾ ਦੱਸਦਿਆਂ ਪਿੰਡ ਭਾਗੀਵਾਂਦਰ ਦੀ ਮਹਿਲਾ ਸਰਪੰਚ ਚਰਨਜੀਤ ਕੌਰ ਦੇ ਪੁੱਤਰ ਅਮਰਿੰਦਰ ਸਿੰਘ ਰਾਜੂ ਨੂੰ ਪੂਰੇ ਮਾਮਲੇ ਦਾ ਮਾਸਟਰਮਾਂਈਡ ਕਰਾਰ ਦੇ ਦਿੱਤਾ ਗਿਆ ਸੀ ਤੇ ਬੀਤੀ 25 ਜੂਨ ਨੂੰ ਅਮਰਿੰਦਰ ਸਿੰਘ ਰਾਜੂ ਨੇ ਆਪਣੇ ਸਮਰਥਕਾਂ ਦੇ ਵੱਡੇ ਕਾਫਲੇ ਸਮੇਤ ਖੁੱਲੀ ਜੀਪ ਵਿੱਚ ਸਵਾਰ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਦਿਆਂ ਡੀ. ਐ¤ਸ. ਪੀ ਤਲਵੰਡੀ ਸਾਬੋ ਦੇ ਦਫਤਰ ਪੁੱਜ ਕੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਰਾਜੂ ਦੇ ਆਤਮਸਮਰਪਣ ਉਪਰੰਤ ਮ੍ਰਿਤਕ ਮੋਨੂੰ ਅਰੋੜਾ ਦੇ ਪਿਤਾ ਵਿਜੈ ਕੁਮਾਰ ਨੇ ਪੁਲਿਸ ਤੇ ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਲੋੜੀਂਦੇ ਕਦਮ ਨਾ ਚੁੱਕਣ ਦੇ ਦੋਸ਼ ਲਾਏ ਸਨ ਪ੍ਰੰਤੂ ਪੁਲਿਸ ਅਧਿਕਾਰੀਆਂ ਅਨੁਸਾਰ ਬਾਕੀ ਕਥਿਤ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਲਗਾਤਾਰ ਸਰਗਰਮ ਸੀ। ਅੱਜ ਦੂਜੇ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਸਾਬੋ ਮੁਖੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੇ ਇੱਕ ਹੋਰ ਕਥਿਤ ਦੋਸ਼ੀ ਹਰਪਾਲ ਸਿੰਘ ਪੁੱਤਰ ਸ਼ੇਰ ਸਿੰਘ (ਕਾਲੀਰੌਣੇ) ਨੂੰ ਬੀਤੇ ਦਿਨ ਪਿੰਡ ਭਾਗੀਵਾਂਦਰ ਕੋਲੋਂ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹਰਪਾਲ ਸਿੰਘ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੋਂ ਮਾਨਯੋਗ ਅਦਾਲਤ ਨੇ ਉਸਨੂੰ 13 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉਨਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ ਤੇ ਮਾਮਲੇ ਵਿੱਚ ਕੁਝ ਹੋਰ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਭਰੋਸਾ ਦੁਆਇਆ ਕਿ ਭਾਗੀਵਾਂਦਰ ਕਾਂਡ ਦੇ ਬਾਕੀ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਫੜ ਲਿਆ ਜਾਵੇਗਾ।



