ਭੋਗਪੁਰ, 9 ਜੁਲਾਈ (ਹਰਨਾਮ ਸਿੰਘ ਮਿਨਹਾਸ)-ਆਦਮਪੁਰ ਵਿਖੇ ਬਣਾਏ ਜਾ ਰਹੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ’ਤੇ ਰੱਖਣ ਦੀ ਹਲਕਾ ਆਦਮਪੁਰ ਦੀ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਵੱਲੋਂ ਕੀਤੀ ਗਈ। ਇਸ ਮੌਕੇ ਹਲਕਾ ਆਦਮਪੁਰ ਤੋਂ ਉਘੇ ਨੌਜਵਾਨ ਆਗੂ ਸਤਨਾਮ ਸਿੰਘ ਸਾਬੀ ਮੋਗਾ ਦੀ ਅਗਵਾਈ ਵਿਚ ਸਥਾਨਕ ਰੈਸਟ ਹਾਊਸ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮੁੱਚੇ ਦੋਆਬੇ ਵਿਚ ਦਲਿਤ ਸਮਾਜ ਦਾ ਖਾਸਾ ਆਧਾਰ ਹੈ ਤੇ ਹਰ ਵਾਰ ਪੰਜਾਬ ਅਤੇ ਦੇਸ਼ ਦੀ ਸਰਕਾਰ ਚੁਣਨ ਵਿਚ ਦੋਆਬੇ ਦਾ ਦਲਿਤ ਸਮਾਜ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਬੀ ਮੋਗਾ ਨੇ ਕਿਹਾ ਕਿ ਦੋਆਬੇ ਦੀ ਧਰਤੀ ਆਦਮਪੁਰ ਵਿਖੇ ਬਣਾਇਆ ਜਾ ਰਿਹਾ ਹਵਾਈ ਅੱਡੇ ਦਾ ਨਾਮ ਜਗਤ ਪਿਤਾਮਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ’ਤੇ ਰੱਖਿਆ ਜਾਣਾ ਚਾਹੀਦਾ ਹੈ ਤਾਂਕਿ ਦੇਸ਼ ਦੇ ਦਲਿਤਾਂ ਨੂੰ ਵੀ ਸਰਕਾਰ ਵੱਲੋਂ ਬਣਾਏ ਜਾ ਰਹੇ ਇਸ ਹਵਾਈ ਟਰਮੀਨਲ ’ਤੇ ਮਾਣ ਮਹਿਸੂਸ ਹੋ ਸਕੇ। ਉਨ੍ਹਾਂ ਕਿਹਾ ਕਿ ਸਮੁੱਚੇ ਦਲਿਤ ਲੀਡਰਾਂ ਤੇ ਸਮਾਜ ਸੇਵਕਾਂ ਵੱਲੋਂ ਵੀ ਇਸ ਜਾਇਜ਼ ਮੰਗ ਨੂੰ ਸਰਕਾਰ ਤਕ ਪਹੁੰਚਾਉਣਾ ਚਾਹੀਦਾ ਹੈ ਤਾਂਕਿ ਇਸ ਮੰਗ ਨੂੰ ਅਮਲੀ ਜਾਮਾ ਪਹਿਨਾਉਣਾ ਸੁਖਾਲਾ ਹੋ ਸਕੇ। ਇਸ ਮੌਕੇ ਦਵਿੰਦਰ ਸਿੰਘ ਸੋਹਲ, ਬਲਵੰਤ ਕਾਹਲੋਂ ਜੱਲੋਵਾਲ ਕਾਲੋਨੀ, ਨਿਰਮਲ ਸਿੰਘ ਕਾਲਾ ਬੱਕਰਾ, ਨਰਿੰਦਰ ਸਿੰਘ ਨਿੰਦੀ ਸਲਾਲਾ, ਦਿਲਬਾਗ ਸਿੰਘ ਪਾਇਲਟ, ਨੰਬਰਦਾਰ ਵਰਿੰਦਰ ਚੋਪੜਾ, ਤਾਰੀ ਲਾਲ ਮੋਗਾ, ਮੋਹਣ ਲਾਲ ਜੱਸਲ, ਅਰਵਿੰਦਰ ਸਿੰਘ ਝੱਮਟ, ਗੁਰਦਿਆਲ ਰੱਤੂ ਮੋਗਾ, ਹਰਪ੍ਰੀਤ ਸਿੰਘ, ਹੈਪੀ ਡੱਲੀ, ਹਰਨਾਮ ਦਾਸ ਚੋਪੜਾ, ਬਲਜਿੰਦਰ ਸਿੰਘ, ਮੰਗੇਸ਼ ਸਿੰਘ, ਬਿਕਰਮਜੀਤ ਸਿੰਘ, ਸੇਵਾ ਰਾਮ, ਹਰਦੀਪ ਸਿੰਘ ਭੋਗਪੁਰ, ਜਤਿੰਦਰ ਸਿੰਘ ਕਾਲਾ ਬੱਕਰਾ, ਸਰਬਜੀਤ ਸਿੰਘ ਸਨੌਰਾ, ਜਗਦੀਸ਼ ਚੰਦਰ ਜੱਲੋਵਾਲ, ਮਲੂਕ ਚੰਦ ਆਲਮਗੀਰ, ਅਰਵਿੰਦਰ ਸਿੰਘ ਝੱਮਟ, ਗੁਰਪ੍ਰੀਤ ਗੋਪੀ ਤੇ ਹੋਰ ਹਾਜ਼ਰ ਸਨ।
ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ’ਤੇ ਰੱਖਣ ਦੀ ਮੰਗ



