ਬਰਨਾਲਾ, 9 ਜੁਲਾਈ (ਨਿਰਮਲ ਸਿੰਘ ਪੰਡੋਰੀ, ਗੁਰਮੀਤ ਸਿੰਘ ਬਰਨਾਲਾ)- ਸੇਵਾ ਕੇਂਦਰਾਂ ਰਾਹੀਂ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਬਰਨਾਲਾ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਸੁਵਿਧਾ ਕੇਂਦਰਾਂ ਦੀਆਂ ਸੇਵਾਵਾਂ ਬੰਦ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ 12 ਅਗਸਤ 2016 ਤੋਂ ਸੇਵਾ ਕੇਂਦਰਾਂ ਨੇ ਨਾਗਰਿਕਾਂ ਨੂੰ ਵੱਖ ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਜਿਹੜੀਆਂ ਸੇਵਾਵਾਂ ਪਹਿਲਾਂ ਸੁਵਿਧਾ ਕੇਂਦਰਾਂ ਦੁਆਰਾ ਪ੍ਰਦਾਨ ਕਰਵਾਈਆਂ ਜਾਂਦੀਆਂ ਸਨ ਉਹ ਸਾਰੀਆਂ ਹੁਣ ਜ਼ਿਲ੍ਹੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਸਥਾਪਤ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਇਹ ਸੇਵਾ ਕੇਂਦਰ ਨਾਗਰਿਕਾਂ ਨੂੰ 81 ਸੇਵਾਵਾਂ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ ਜਿਸ ਵਿੱਚ 57 ਆਨਲਾਈਨ ਅਤੇ 24 ਆਫ਼ ਲਾਈਨ ਸੇਵਾਵਾਂ ਸੇਵਾਵਾਂ ਸ਼ਾਮਲ ਹਨ। ਇਸ ਸਬੰਧ ਵਿੱਚ ਜ਼ਿਲ੍ਹਾ ਬਰਨਾਲਾ ਦੇ ਸੇਵਾ ਕੇਂਦਰਾਂ ਵਿੱਚ ਪ੍ਰਾਪਤ ਹੋਈਆਂ ਕੁੱਲ 69 ਹਜ਼ਾਰ 552 ਅਰਜ਼ੀਆਂ ਵਿੱਚੋਂ ਹੁਣ ਤੱਕ 67 ਹਜ਼ਾਰ 556 ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਅਤੇ ਬਾਕੀ ਦੀਆਂ 1035 ਅਰਜ਼ੀਆਂ ਨੂੰ ਨਿਰਧਾਰਤ ਸਮੇਂ ਅੰਦਰ ਨਿਪਟਾਉਣ ਦੀ ਹਦਾਇਤ ਕੀਤੀ ਗਈ ਹੈ। ਨਿਰਧਾਰਤ ਸਮੇਂ ਅੰਦਰ ਸੇਵਾਵਾਂ ਮੁਹੱਈਆ ਕਰਵਾਉਣ ਦੀ ਕੜੀ ਤਹਿਤ ਹੁਣ ਕੇਵਲ 961 ਅਰਜ਼ੀਆਂ ਦੇ ਬਕਾਇਆ ਹੋਣ ਸਦਕਾ, ਜ਼ਿਲ੍ਹਾ ਬਰਨਾਲਾ ਵਿੱਚ ਇਹ ਕੇਵਲ1.38 ਫੀਸਦ ਦਰ ਹੈ, ਜੋ ਕਿ ਰਾਜ ਦੇ ਸਾਰੇ ਜ਼ਿਲਿਆਂ ਨਾਲੋਂ ਘੱਟ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਤੱਕ ਬਰਨਾਲਾ ਜ਼ਿਲ੍ਹੇ ਵਿੱਚ ਲਗਭਗ 4500 ਅਰਜ਼ੀਆਂ ਬਕਾਇਆ ਪਈਆਂ ਸਨ ਜਿਸ ਕਾਰਨ ਸਮੁੱਚੀ ਬਕਾਇਆ ਦਰ ਲਗਭਗ 5.5 ਪ੍ਰਤੀਸ਼ਤ ਬਣਦੀ ਸੀ ਅਤੇ ਬਰਨਾਲਾ ਨਿਰਧਾਰਤ ਸਮੇਂ ਅੰਦਰ ਘੱਟ ਤੋਂ ਘੱਟ ਬਕਾਇਆ ਸੇਵਾਵਾਂ ਦੇ ਮਾਮਲੇ ਵਿੱਚ ਪੰਜਾਬ ਵਿੱਚ ਤੀਜੇ ਸਥਾਨ ’ਤੇ ਸੀ। ਨਿਰਧਾਰਤ ਸਮੇਂ ਅੰਦਰ ਬਕਾਇਆ ਦਰ ਨੂੰ ਹੇਠਾਂ ਲਿਆਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪੱਧਰ ’ਤੇ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਹਰੇਕ ਅਧਿਕਾਰੀ ਨੂੰ ਇਹ ਦੱਸਿਆ ਗਿਆ ਕਿ ਉਸ ਕੋਲ ਕਿੰਨੀਆਂ ਅਰਜ਼ੀਆਂ ਬਕਾਇਆ ਹੈ ਅਤੇ ਇਨ੍ਹਾਂ ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਗਏ। ਸਮੁੱਚੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੂੰ ਵਾਧੂ ਸਿਖਲਾਈ ਵੀ ਦਿਵਾਈ ਗਈ ਤਾਂ ਜੋ ਨਾਗਰਿਕਾਂ ਨੂੰ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਸਮੇਂ ਅੰਕੜੇ ਦਰਜ ਕਰਨ ਵਿੱਚ ਗਲਤ ਇੰਦਰਾਜ ਨਾ ਕਰਨ। ਕਈ ਅਰਜ਼ੀਆਂ ਇਸ ਕਾਰਨ ਬਕਾਇਆ ਪਈਆਂ ਹਨ ਕਿਉਂਕਿ ਅਰਜ਼ੀਆਂ ਵਿੱਚ ਲੋੜੀਂਦੇ ਵੇਰਵੇ ਦਰਜ ਨਹੀਂ ਹਨ ਅਤੇ ਇਨ੍ਹਾਂ ਵੇਰਵਿਆਂ ਨੂੰ ਦਰੁਸਤ ਕਰਵਾਉਣ ਲਈ ਹਰੇਕ ਸਬੰਧਤ ਨਾਗਰਿਕ ਨੂੰ ਬੁਲਾ ਕੇ ਅਰਜ਼ੀ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਇਸ ਕਾਰਜ ਲਈ ਤਿੰਨ ਸਮਰਪਿਤ ਅਪਰੇਟਰਾਂ ਦੀ ਟੀਮ ਵੱਲੋਂ ਹਰੇਕ ਬਿਨੇਕਾਰ ਨਾਲ ਸੰਪਰਕ ਕੀਤਾ ਗਿਆ ਅਤੇ ਲੋੜੀਂਦੇ ਦਸਤਾਵੇਜ਼ਾਂ ਜਾਂ ਜਾਣਕਾਰੀ ਦੀ ਘਾਟ ਕਾਰਨ ਬਕਾਇਆ ਪਈਆਂ ਅਰਜ਼ੀਆਂ ਨੂੰ ਦਰੁਸਤ ਕਰਵਾਇਆ ਗਿਆ ਤਾਂ ਜੋ ਨਿਰਧਾਰਤ ਸਮੇਂ ਅੰਦਰ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗਲਤ ਇੰਦਰਾਜਾਂ ਨੂੰ ਦਰੁਸਤ ਕਰਨ ਲਈ ਲਗਭਗ 200 ਚੇਂਜ ਰਿਕੂਐਸਟ ਫਾਰਮ (ਸੀ.ਆਰ.ਐਫ਼ਜ਼) ਭਰਵਾਏ ਗਏ।ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਹੋਰ ਦੱਸਿਆ ਕਿ ਰੋਜ਼ਾਨਾ ਮੋਨੀਟਰਿੰਗ ਤੇ ਹਫ਼ਤਾਵਾਰੀ ਮੀਟਿੰਗਾਂ ਰਾਹੀਂ ਪਿਛਲੇ ਲਗਾਤਾਰ ਤਿੰਨ ਮਹੀਨਿਆਂ ਤੋਂ ਕੀਤੇ ਜਾ ਰਹੇ ਯਤਨਾਂ ਸਦਕਾ ਬਰਨਾਲਾ ਜ਼ਿਲ੍ਹਾ ਸਭ ਤੋਂ ਘੱਟ ਬਕਾਇਆ ਸੇਵਾਵਾਂ ਸਦਕਾ, ਰਾਜ ਦੇ 22 ਜ਼ਿਲਿਆਂ ਵਿੱਚੋਂ ਮੋਹਰੀ ਸਾਬਤ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਅਗਲੇ ਦੋ ਹਫਤਿਆਂ ਅੰਦਰ ਬਕਾਇਆ ਦਰ ਨੂੰ ਇੱਕ ਪ੍ਰਤੀਸ਼ਤ ਤੋਂ ਘਟਾਉਣਾ ਹੈ ਅਤੇ ਫਿਰ ਇਸ ਦਰ ਨੂੰ ਲਗਾਤਾਰ ਲਾਗੂ ਰੱਖਣ ਲਈ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਤੋਂ ਇਲਾਵਾ ਡਾਇਰੈਕਟਰ, ਗਵਰਨੈਂਸ ਰਿਫਾਰਮਜ਼ ਨੂੰ ਵੀ ਕੁਝ ਸੁਝਾਅ ਦਿੱਤੇ ਗਏ ਹਨ, ਜਿਸ ਨਾਲ ਬਾਕੀ ਜ਼ਿਲਿਆਂ ਵਿੱਚੋਂ ਵੀ ਬਕਾਇਆ ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ ’ਚ ਮਦਦ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹਾਇਤਾ ਮਾਣਕਾਂ ਦੀ ਮਦਦ ਨਾਲ ਬਰਨਾਲਾ ਜ਼ਿਲ੍ਹਾ ਨਿਰਧਾਰਤ ਸਮੇਂ ਅੰਦਰ ਬਕਾਇਆ ਸੇਵਾਵਾਂ ਦਾ ਮੁਕੰਮਲ ਤੌਰ ’ਤੇ ਨਿਪਟਾਰਾ ਕਰ ਸਕੇਗਾ। ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਲਿਆਉਣੇ ਬੇਹੱਦ ਮਹੱਤਵਪੂਰਨ ਹਨ ਕਿਉਂਕਿ ਲਗਭਗ 70-80 ਫੀਸਦੀ ਸਰਕਾਰੀ ਸੇਵਾਵਾਂ ਦਾ ਸਬੰਧ ਸਿੱਧੇ ਤੌਰ ’ਤੇ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਦਫ਼ਤਰਾਂ ਨਾਲ ਹੁੰਦਾ ਹੈ।
ਸੇਵਾ ਕੇਂਦਰਾਂ ਰਾਹੀਂ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਸਦਕਾ ਬਰਨਾਲਾ ਜ਼ਿਲ੍ਹਾ ਪੰਜਾਬ ’ਚੋਂ ਮੋਹਰੀ



