ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਸਫਲਤਾ ਦੇ ਚਾਹਵਾਨਾਂ ਲਈ ਬੀ.ਏ.ਆਨਰਜ਼ (ਸੋਸ਼ਲ ਸਾਇੰਸਜ਼) ਸ਼ੁਰੂ
ਪਟਿਆਲਾ, 9 ਜੁਲਾਈ- ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਨੇ ਬੋਰਡ ਆਫ਼ ਸਟਡੀਜ਼ ਇਨ ਸੋਸ਼ਲ ਸਾਇੰਸਜ਼ ਦੀ ਇਕਤਰਤਾ ਵਿਚ ਬੀ.ਏ. ਆਨਰਜ਼ (ਸੋਸ਼ਲ ਸਾਇੰਸਜ਼) ਕੋਰਸ ਦੀ ਸਮੁਚੀ ਰੂਪ ਰੇਖਾ ਪਾਸ ਕਰਦਿਆਂ ਸਿਖਿਆ ਦੇ ਖੇਤਰ ਵਿੱਚ ਇਕ ਹੋਰ ਅਹਿਮ ਪੁਲਾਂਘ ਪੁਟੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਇਸ ਕੋਰਸ ਨੂੰ ਕਾਮਯਾਬੀ ਨਾਲ ਚਲਾਉਣ ਲਈ ਹਰ ਸਹੂਲਤ ਦਾ ਧਿਆਨ ਰਖਿਆ ਜਾਵੇਗਾ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਹ ਕੋਰਸ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਲਈ ਬਿਹਤਰੀਨ ਸਿਖਲਾਈ ਅਤੇ ਤਿਆਰੀ ਦੇ ਕੇਂਦਰ ਵਜੋਂ ਸਰੂਪ ਗ੍ਰਹਿਣ ਕਰੇਗਾ। ਇਹ ਕੋਰਸ ਸ਼ੁਰੂ ਕਰ ਕੇ ਖ਼ਾਲਸ ਕਾਲਜ ਪੰਜਾਬ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ਾਮਲ ਹੋ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ, ਦੇ ਪ੍ਰਬੰਧ ਅਧੀਨ ਚਲ ਰਹੀਆਂ ਸਿਖਿਆ ਸੰਸਥਾਵਾਂ ਵਿਚੋਂ ਇਹ ਕੋਰਸ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਕਾਲਜ ਹੈ। ਕੋਰਸ ਦੀ ਆਰੰਭਤਾ ਤੇ ਤਿਆਰੀ ਸਬੰਧੀ ਰਖੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਨੇ ਕਿਹਾ ਭਾਰਤੀ ਸਿਵਲ ਸੇਵਾਵਾਂ ਵਿਚ ਪੰਜਾਬ ਦੇ ਨੌਜਵਾਨਾਂ ਬਹੁਤ ਘੱਟ ਪ੍ਰਤੀਨਿਧਤਾ ਨੂੰ ਧਿਆਨ ਵਿਚ ਰਖਦਿਆਂ ਖ਼ਾਲਸਾ ਕਾਲਜ ਨੇ ਬੀ.ਏ. ਆਨਰਜ਼ (ਸੋਸ਼ਲ ਸਾਇੰਸਜ਼) ਦਾ ਕੋਰਸ ਸ਼ੁਰੂ ਕੀਤਾ ਹੈ। ਵਿਸ਼ਾ ਮਾਹਿਰਾਂ ਵਲੋਂ ਇਸ ਕੋਰਸ ਦੀ ਰੂਪ-ਰੇਖਾ ਇਸ ਢੰਗ ਨਾਲ ਤਿਆਰ ਕੀਤੀ ਗਈ ਹੈ ਕਿ ਵਿਦਿਆਰਥੀ ਕੋਰਸ ਉਪਰੰਤ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਪਾਸ ਕਰਨ ਲਈ ਤਿਆਰ-ਬਰ-ਤਿਆਰ ਹੋਣਗੇ। ਅਕਾਦਮਿਕ ਕੌਂਸਲ ਦੁਆਰਾ ਨਾਮਜ਼ਦ ਮੈਂਬਰ ਵਜੋਂ ਸ਼ਾਮਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਜਮਸ਼ੀਦ ਅਲੀ ਖ਼ਾਨ ਨੇ ਕਿਹਾ ਕਿ ਸਮੇਂ ਦੀ ਨਬਜ਼ ਨੂੰ ਪਛਾਣਕੇ ਖ਼ਾਲਸਾ ਕਾਲਜ ਵਲੋਂ ਇਸ ਕੋਰਸ ਨੂੰ ਸ਼ੁਰੂ ਕਰਨਾ ਬਹੁਤ ਸ਼ਲਾਘਾਯੋਗ ਕਾਰਜ ਹੈ। ਇਕਤਰਤਾ ਵਿਚ ਪੰਜਾਬੀ ਯੂਨੀਵਰਸਿਟੀ ਤੋਂ ਡਾ. ਕਮਲ ਕਿੰਗਰ, ਡਾ. ਕੇ.ਐਸ. ਸੋਹਲ, ਰਿਪੁਦਮਨ ਕਾਲਜ, ਨਾਭਾ ਤੋਂ ਡਾ. ਸ਼ਸ਼ੀ ਬਾਲਾ ਸ਼ਾਮਲ ਹੋਏ ਅਤੇ ਕੋਰਸ ਨੂੰ ਸ਼ੁਰੂ ਕਰਨ ‘ਤੇ ਖ਼ਾਲਸਾ ਕਾਲਜ ਦੀ ਪ੍ਰਸੰਸਾ ਕੀਤੀ। ਕਾਲਜ ਦੇ ਪ੍ਰੋ. ਜਤਿੰਦਰ ਸਿੰਘ ਭੁਟਾਲ, ਡਾ. ਦੀਪਇੰਦਰਜੀਤ ਰੰਧਾਵਾ, ਡਾ. ਹਰਜੀਤ ਕੌਰ, ਡਾ. ਦਵਿੰਦਰ ਸਿੰਘ, ਡਾ. ਜਗਤਾਰ ਸਿੰਘ ਆਦਿ ਮੌਜੂਦ ਸਨ।



