ਡੇਢ ਮਹੀਨੇ ਵਿੱਚ ਪੌਣੇ ਦੋ ਲੱਖ ਸ਼ਰਧਾਲੂਆਂ ਨੇ ਟੇਕਿਆ ਮੱਥਾ
ਚੰਡੀਗੜ੍ਹ, 9 ਜੁਲਾਈ- ਸ਼ਰਧਾਲੂਆਂ ਦੇ ਉਤਸ਼ਹ ਅਤੇ ਚੰਗੇ ਮੌਸਮ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੇ ਨਵਾਂ ਕੀਰਤੀਮਾਨ ਕਾਇਮ ਕੀਤਾ ਹੈ। ਪਿਛਲੇ ਡੇਢ ਮਹੀਨੇ ਵਿਚ ਤਕਰੀਬਨ ਪੌਣੇ ਦੋ ਲਖ ਤੋਂ ਵਧ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਵਿਖੇ ਮਥਾ ਟੇਕਿਆ।ਸ੍ਰੀ ਹੇਮਕੁੰਟ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਵਲੇ ਜਨਮ ਦਾ ਤਪ ਅਸਥਾਨ ਮੰਨਿਆ ਜਾਂਦਾ ਹੈ। ਪ੍ਰਬੰਧਕਾਂ ਦਾ ਦਾਅਵਾ ਹੈ ਕਿ ਪੌਣੇ ਦੋ ਲੱਖ ਸ਼ਰਧਾਲੂਆਂ ਦੀ ਆਮਦ ਪਿਛਲੇ ਪੰਜ ਸਾਲਾਂ ਦਾ ਸਭ ਤੋਂ ਵਡਾ ਅੰਕੜਾ ਹੈ।ਗੁਰਦੁਆਰਾ ਗੋਬਿੰਦਘਾਟ ਦੇ ਮੈਨੇਜਰ ਸ. ਸੇਵਾ ਸਿੰਘ ਮੁਤਾਬਕ ਪਿਛਲੇ ਸਾਲ ਮਈ ਤੋਂ ਅਕਤੂਬਰ ਤਕ 1 ਲਖ 30 ਹਜ਼ਾਰ ਯਾਤਰੂ ਆਏ ਸਨ। ਉਸ ਤੋਂ ਪਿਛਲੇ ਸਾਲ ਸਿਰਫ਼ 86 ਹਜ਼ਾਰ ਸ਼ਰਧਾਲੂ ਪਹੁੰਚੇ ਸਨ। ਇਸ ਵੇਲੇ ਔਸਤਨ 1200 ਤੋਂ 1500 ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸ਼ਰਧਾਲੂਆਂ ਦਾ ਉਤਸ਼ਾਹ ਦੇਖਣਾ ਹੀ ਬਣਦਾ ਹੈ।ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਮੀਤ ਪ੍ਰਧਾਨ ਸ. ਨਰਿੰਦਰਜੀਤ ਸਿੰਘ ਬਿੰਦਰਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਨ ਕੀਤੀ ‘ਰੋਪਵੇਅ ਯੋਜਨਾ‘ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਪਹਿਲੇ ਪੜਾਅ ਤਹਿਤ ਗੁਰਦੁਆਰਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤਕ ਰੋਪਵੇਅ ਤਿਆਰ ਕੀਤਾ ਜਾਣਾ ਹੈ।2013 ਵਿਚ ਉਤਰਾਖੰਡ ਵਿਚ ਆਏ ਹੜ੍ਹਾਂ ਦੀ ਕੁਦਰਤੀ ਆਫ਼ਤ ਤੋਂ ਬਾਅਦ ਪਹਿਲੀ ਵਾਰ ਇੰਨੀ ਵਡੀ ਗਿਣਤੀ ਸ਼ਰਧਾਲੂਆਂ ਹੇਮਕੁੰਟ ਯਾਤਰਾ ’ਤੇ ਆਏ ਹਨ। ਇਹ ਯਾਤਰਾ 24 ਮਈ ਨੂੰ ਸ਼ੁਰੂ ਹੋਈ ਸੀ ਤੇ ਅਕਤੂਬਰ ਦੇ ਸ਼ੁਰੂ ਤਕ ਜਾਰੀ ਰਹੇਗੀ।



