ਚੰਡੀਗੜ੍ਹ 15 ਅਕਤੂਬਰ (ਪੀ.ਟੀ.)- ਹਰਿਆਣਾ ਸਰਕਾਰ ਨੇ ਵੱਖ-ਵੱਖ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿਚ ਲਗਭਗ 65000 ਨਵੀਆਂ ਭਰਤੀਆਂ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਿਚ ਲਗਭਗ 25,000 ਅਧਿਆਪਕਾਂ ਅਤੇ ਪੁਲਿਸ ਵਿਭਾਗ ਵਿਚ 12,000 ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਦਰਜਾ ਤਿੰਨ ਦੀਆਂ ਲਗਭਗ 17,000 ਅਤੇ ਦਰਜਾ ਚਾਰ ਦੀਆਂ 10625 ਅਸਾਮੀਆਂ ‘ਤੇ ਭਰਤੀ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਸਾਰੇ ਵਿਭਾਗਾਂ, ਬੋਰਡ ਤੇ ਨਿਗਮਾਂ ਦੇ ਪ੍ਰਬੰਧਕ ਨਿਰਦੇਸ਼ਕਾਂ ਨੂੰ ਆਦੇਸ਼ ਦਿੱਤੇ ਹਨ ਕਿ ਅਸਾਮੀਆਂ ਦੇ ਮੰਗ ਪੱਤਰ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਨੂੰ 1 ਨਵੰਬਰ 2013 ਤੱਕ ਭੇਜੇ ਜਾਣ। ਦਰਜਾ ਚਾਰ ਦੇ ਕਰਮਚਾਰੀਆਂ ਸਬੰਧੀ ਅਸਾਮੀਆਂ ਦੀ ਜਾਣਕਾਰੀ ਮੁੱਖ ਸਕੱਤਰ ਦਫ਼ਤਰ ਨੂੰ ਭੇਜੀ ਜਾਵੇ।
ਸ੍ਰੀ ਹੁੱਡਾ ਨੇ ਅਨੁਸੂਚਿਤ ਜਾਤੀ ਅਤੇ ਸਾਬਕਾ ਸੈਨਿਕਾਂ ਦੇ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨ ਦੇ ਲਈ ਵਿਸ਼ੇਸ਼ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਇਸ ਸਬੰਧੀ ਵੱਖ ਤੋਂ ਇਸ਼ਤਿਹਾਰ ਦਿੱਤਾ ਜਾਵੇ।
ਸ੍ਰੀ ਹੁੱਡਾ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕਰਮਚਾਰੀਆਂ ਦੇ ਸੇਵਾ ਮੁਕਤੀ ਹੋਣ ਦੇ ਕਾਰਨ ਅਸਾਮੀਆਂ ਖਾਲੀ ਹੋ ਗਈਆਂ ਸਨ। ਇਹ ਭਰਤੀ ਪ੍ਰਕਿਰਿਆ ਪੂਰੀ ਹੋਣ ‘ਤੇ ਰਾਜ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ ਅਤੇ ਪ੍ਰਸ਼ਾਸਨ ਦੇ ਕੰਮਾਂ ਵਿਚ ਤੇਜ਼ੀ ਆਵੇਗੀ। ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀ ਭਰਤੀ ਹੋਣ ਨਾਲ ਸਿੱਖਿਆ ਦੇ ਪੱਧਰ ‘ਚ ਸੁਧਾਰ ਹੋਵੇਗ। ਪੁਲਿਸ ਵਿਚ ਭਰਤੀ ਹੋਣ ਦੇ ਨਾਲ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋਵੇਗੀ।