ਤਰਨਤਾਰਨ, 7 ਜੁਲਾਈ (ਆਹਲੂਵਾਲੀਆ, ਰਵਿੰਦਰ ਕਕੜ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਦਫ਼ਤਰਾਂ ਵਿਚ ਸਰਕਾਰੀ ਕਰਮਚਾਰੀਆਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਨੇ ਅਜ ਸਵੇਰੇ ਦਫ਼ਤਰ ਮਾਰਕੀਟ ਕਮੇਟੀ ਅਤੇ ਦਫ਼ਤਰ ਪੰਜਾਬ ਮੰਡੀ ਬੋਰਡ ਦੀ ਅਚਨਚੇਤੀ ਚੈਕਿੰਗ ਕੀਤੀ, ਜਿਸ ਦੌਰਾਨ ਜ਼ਿਆਦਾਤਰ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਤੋਂ ਇਲਾਵਾ ਅਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਗੁਸਿਮਰਨਦੀਪ ਸਿੰਘ ਢਿਲੋਂ ਅਤੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਰਜਨੀਸ਼ ਅਰੋੜਾ ਵਲੋਂ ਵੀ ਜ਼ਿਲ੍ਹੇ ਦੇ ਵਖ-ਵਖ ਸਰਕਾਰੀ ਦਫ਼ਤਰਾਂ ਵਿਚ ਅਚਨਚੇਤੀ ਚੈਕਿੰਗ ਕੀਤੀ ਗਈ। ਉਹਨਾਂ ਦਸਿਆ ਕਿ ਇਸ ਚੈਕਿੰਗ ਦੌਰਾਨ ਦਫ਼ਤਰ ਮਾਰਕੀਟ ਕਮੇਟੀ ਤਰਨਤਾਰਨ ਦੇ 23 ਕਰਮਚਾਰੀ ਅਤੇ ਦਫ਼ਤਰ ਪੰਜਾਬ ਮੰਡੀ ਬੋਰਡ ਦੇ 8 ਕਰਮਚਾਰੀ ਗੈਰ ਹਾਜ਼ਰ ਪਾਏ ਗਏ।
ਸਰਕਾਰੀ ਦਫ਼ਤਰਾਂ ’ਚ ਅਫ਼ਸਰਾਂ ਤੇ ਕਰਮਚਾਰੀਆਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣੇ : ਡੀਸੀ ਤਰਨਤਾਰਨ



