ਮੋਰਿੰਡਾ, 5 ਜੁਲਾਈ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਟਾਇਮਜ਼ ਅਖ਼ਬਾਰ ’ਚ ਲੱਗੀ ਖ਼ਬਰ ਦਾ ਅਸਰ ਉਸ ਵਕਤ ਦੇਖਣ ਨੂੰ ਮਿਲਿਆ ਜਦੋਂ ਅੱਜ ਸਥਾਨਕ ਨਗਰ ਕੋਂਸਲ ਦੇ ਕਾਰਜ ਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਸ਼ਹਿਰ ਦੇ ਬਜ਼ਾਰਾਂ ’ਚ ਅਤੇ ਬੱਸ ਸਟੈਂਡ ਵਿੱਖੇ ਦੁਕਾਨਦਾਰਾਂ ਵੱਲੋਂ ਸੜ੍ਹਕ ਤੱਕ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਛੁਡਵਾਉਣ ਲਈ ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਅਤੇ ਨਗਰ ਕੋਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਵਿਸ਼ੇਸ਼ ਮੁਹਿੰਮ ਅਰੰਭ ਕੀਤੀ। ਨਗਰ ਕੋਂਸਲ ਅਧਿਕਾਰੀਆਂ ਵੱਲੋਂ ਰਾਸ਼ਟਰੀ ਮਾਰਗ 95 ’ਤੇ ਬਣੀਆਂ ਦੁਕਾਨਾ ਦੇ ਮਾਲਕਾਂ ਵੱਲੋਂ ਸੜ੍ਹਕ ’ਤੇ ਕੀਤੇ ਨਜ਼ਾਇਜ਼ ਕਬਜ਼ਿਆਂ ਨੂੰ ਜੇ.ਸੀ. ਬੀ ਮਸ਼ੀਨ ਨਾਲ ਹਟਾ ਕੇ ਸੜ੍ਹਕ ਨੂੰ ਖਾਲੀ ਕਰਵਾਇਆ ਗਿਆ। ਨਗਰ ਕੋਂਸਲ ਅਧਿਕਾਰੀਆਂ ਦੀ ਇਸ ਕਾਰਵਾਈ ਨਾਲ ਦੁਕਾਨਦਾਰ ਅਪਣਾ ਅਪਣਾ ਸਾਮਾਨ ਸਾਂਭਣ ਲਈ ਤਰਲੋ ਮੱਛੀ ਹੰਦੇ ਸਾਫ਼ ਦੇਖੇ ਗਏ। ਪ੍ਰੰਤੂ ਨਗਰ ਕੋਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਦੁਕਾਨਦਾਰਾਂ ਦੇ ਬਾਹਰ ਪਏ ਇਸ਼ਤਿਹਾਰੀ ਬੋਰਡ , ਦੁਕਾਨਾ ਦੇ ਅੱਗੇ ਲਗਾਏ ਟੈਂਟ ਦੀਆਂ ਪਾਇਪਾਂ ਅਤੇ ਹੋਰ ਸਮਾਨ ਚੁੱਕ ਕੇ ਸਥਾਨਕ ਨਗਰ ਕੋਂਸਲ ਦਫ਼ਤਰ ਲਿਆਂਦਾ। ਦੱਸਣਯੋਗ ਹੈ ਕਿ ਪੰਜਾਬ ਟਾਇਮਜ਼ ਅਖ਼ਬਾਰ ਵਿੱਚ 1 ਜੁਲਾਈ ਦੇ ਅੰਕ ’ਚ ‘‘ ਨਜ਼ਾਇਜ ਕਬਜ਼ਿਆਂ ਅਤੇ ਨਗਰ ਕੋਂਸਲ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਤੰਗ ਹੋਇਆ ਮੋਰਿੰਡਾ ਦਾ ਬਜ਼ਾਰ ’’ ਦੇ ਸਿਰਲੇਖ਼ ਹੇਠ ਵਿਸ਼ੇਸ਼ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ’ਤੇ ਕਾਰਵਾਈ ਕਰਦੇ ਹੋਏ ਕਾਰਜ਼ ਸਾਧਕ ਅਫ਼ਸਰ ਸੁਖਦੇਵ ਸਿੰਘ ਨੇ ਅੱਜ ਨਜ਼ਾਇਜ ਕਬਜ਼ਾ ਧਾਰਕਾਂ ਵਿੱਰੁਧ ਸਖ਼ਤੀ ਕਰਦੇ ਹੋਏ ਨਜ਼ਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਨਗਰ ਕੋਂਸਲ ਦੀ ਇਸ ਕਾਰਵਾਈ ਦੀ ਜਿੱਥੇ ਨਜ਼ਾਇਜ਼ ਕਬਜ਼ਾ ਧਾਰਕ ਨਿਖ਼ੇਧੀ ਕਰ ਰਹੇ ਹਨ ਉੱਥੇ ਹੀ ਸ਼ਹਿਰ ਵਾਸੀ ਨਜ਼ਾਇਜ਼ ਕਬਜ਼ੇ ਹਟਾਏ ਜਾਣ ਤੋਂ ਬਾਅਦ ਬਜ਼ਾਰ ਦੇ ਖੁੱਲ੍ਹ ਜਾਣ ’ਤੇ ਨਗਰ ਕੋਂਸਲ ਅਧਿਕਾਰੀਆਂ ਦੀ ਪ੍ਰਸੰਸ਼ਾ ਵੀ ਕਰ ਰਹੇ ਹਨ। ਸ਼ਹਿਰ ਵਾਸੀਆਂ ਨੇ ਨਗਰ ਕੋਂਸਲ ਅਧਿਕਾਰੀਆਂ ਤੋਂ ਇਸ ਮੁਹਿੰਮ ਨੂੰ ਲਗਾਤਾਰ ਚਲਾਏ ਜਾਣ ਦੀ ਮੰਗ ਕੀਤੀ ਹੈ।