ਇਜ਼ਰਾਇਲ ਪਹੁੰਚੇ ਪ੍ਰਧਾਨ ਮੰਤਰੀ-ਨੇਤਨਯਾਹੂ ਗਰਮਜੋਸ਼ੀ ਨਾਲ ਗਲੇ ਮਿਲੇ

ਭਾਰਤ ਅਤੇ ਇਜ਼ਰਾਇਲ ਸੁਭਾਵਿਕ ਦੋਸਤ : ਸ੍ਰੀ ਮੋਦੀ

image ਤੇਲ ਅਬੀਬ/ਨਵੀਂ ਦਿੱਲੀ, 4 ਜੁਲਾਈ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੰਗਲਵਾਰ ਨੂੰ 3 ਰੋਜ਼ਾ ਇਤਿਹਾਸਿਕ ਦੌਰੇ ’ਤੇ ਇਜ਼ਰਾਇਲ ਦੇ ਤੇਲ ਅਬੀਬ ਪਹੁੰਚ ਗਏ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਸ੍ਰੀ ਬੈਂਜਾਮਿਨ ਨੇਤਨਯਾਹੂ ਨੇ ਸਾਰੇ ਪ੍ਰੋਟੋਕੋਲ ਤੋੜ ਕੇ ਸ੍ਰੀ ਮੋਦੀ ਦਾ ਏਅਰਪੋਰਟ ’ਤੇ ਸਵਾਗਤ ਕੀਤਾ। ਉਸ ਸਮੇਂ ਸਾਰੇ ਹੈਰਾਨ ਹੋ ਗਏ ਜਦੋਂ ਸ੍ਰੀ ਨੇਤਨਯਾਹੂ ਗਰਮਜੋਸ਼ੀ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਗਲੇ ਮਿਲੇ। ਅਜਿਹਾ ਸਵਾਗਤੀ ਸਮਾਰੋਹ ਸਿਰਫ ਅਮਰੀਕੀ ਰਾਸ਼ਟਰਪਤੀਆਂ ਅਤੇ ਪੋਪ ਦੇ ਸਵਾਗਤ ਲਈ ਹੀ ਕੀਤਾ ਜਾਂਦਾ ਹੈ।  ਇਸ ਦੌਰਾਨ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਮੇਰੇ ਮਿੱਤਰ ਸ੍ਰੀ ਮੋਦੀ ਦਾ ਇਜ਼ਰਾਇਲ ’ਚ ਸਵਾਗਤ ਹੈ। ਉਨ੍ਹਾਂ ਨੇ ਇਹ ਸ਼ਬਦ ਹਿੰਦੀ ਵਿੱਚ ਕਹੇ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਸਾਡਾ ਡੂੰਘਾ ਮਿੱਤਰ ਹੈ। ਸ੍ਰੀ ਮੋਦੀ ਦੀ ਇਹ ਯਾਤਰਾ ਇਤਿਹਾਸਿਕ ਹੈ। ਇਜ਼ਰਾਇਲ ਭਾਰਤ ਦੀ ਸੰਸਕ੍ਰਿਤੀ ਨੂੰ ਪਿਆਰ ਕਰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਉਨ੍ਹਾਂ ਦਾ ਸੁਭਾਗ ਹੈ ਕਿ ਉਹ ਇਜ਼ਰਾਇਲ ਆਉਣ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ’ਤੇ ਸਵਾਗਤ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਜ਼ਰਾਇਲ ਭਾਰਤ ਦਾ ਸੁਭਾਵਿਕ ਦੋਸਤ ਹੈ। ਦੋਵੇਂ ਦੇਸ਼ਾਂ ਦੀਆਂ ਕਈ ਸਾਂਝੀਆਂ ਲੋੜਾਂ ਹਨ। ਭਾਰਤ ਦੇ ਇਜ਼ਰਾਇਲ ਨਾਲ ਕੂਟਨੀਤਕ ਸਬੰਧਾਂ ਦੇ 25 ਵਰ੍ਹੇ ਪੂਰੇ ਹੋਣ ’ਤੇ 6 ਜੁਲਾਈ ਨੂੰ ਇਜ਼ਰਾਇਲ ਵਿਖੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ।

Send this to a friend