ਮਹਿਲ ਕਲਾਂ, 4 ਜੁਲਾਈ (ਨਿਰਮਲ ਸਿੰਘ ਪੰਡੋਰੀ)- ਬਲਾਕ ਸਹਿਣਾ ਦੇ ਬੀਡੀਪੀਓ ਸੁਖਵਿੰਦਰ ਸਿੰਘ ਨੇ ਅੱਜ ਸਮੂਹ ਸਟਾਫ ਦੀ ਹਾਜਰੀ ਵਿੱਚ ਬਲਾਕ ਮਹਿਲ ਕਲਾਂ ਦਾ ਵੀ ਚਾਰਜ ਸੰਭਾਲ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮੀਟਿੰਗ ਕਰਕੇ ਪਿੰਡਾਂ ਅੰਦਰ ਲੋਕਾਂ ਵੱਲੋਂ ਸਰਕਾਰੀ ਥਾਵਾਂ ਤੇ ਕੀਤੇ ਨਜਾਇਜ ਕਬਜ਼ੇ ਦੀਆ ਲਿਸਟਾਂ ਲੈਣ ਉਪਰੰਤ ਨਜਾਇਜ ਕਬਜ਼ੇ ਛੁਡਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬਰਸਾਤ ਦੇ ਪਾਣੀ ਨਾਲ ਲੋਕਾ ਦੇ ਘਰਾਂ ਦੇ ਹੋਏ ਨੁਕਸਾਨ ਤੇ ਹੋਰ ਥਾਵਾਂ ਸਬੰਧੀ ਸਾਰੀ ਰਿਪੋਰਟ ਇਕੱਠੀ ਕਰਕੇ ਸਰਕਾਰ ਨੂੰ ਭੇਜਣ ਲਈ ਮੁਲਾਜ਼ਮਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ। ਉਹਨਾਂ ਦੱਸਿਆ ਕਿ ਪਿੰਡਾਂ ’ਚ ਚੱਲ ਰਹੇ ਨਰੇਗਾ ਦੇ ਕੰਮਾਂ ਦੀ ਜਾਣਕਾਰੀ ਲਈ ਪੱਕੀਆਂ ਰਿਪੋਰਟਾਂ ਬਣਾ ਕੇ ਲਗਾਉਣ ਦੀ ਨਰੇਗਾ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ ਤਾਂ ਜੋ ਲੋਕਾ ਕੰਮਾਂ ਸਬੰਧੀ ਪੂਰੀ ਜਾਣਕਾਰੀ ਹਾਸਲ ਹੋ ਸਕੇ। ਇਸ ਤੋਂ ਇਲਾਵਾ ਦਿਨੋ ਦਿਨ ਖਰਾਬ ਹੋ ਵਾਤਾਵਰਨ ਨੂੰ ਬਚਾਉਣ ਲਈ ਮੁਲਾਜ਼ਮਾਂ, ਗ੍ਰਾਮ ਪੰਚਾਇਤਾਂ ਅਤੇ ਯੂਥ ਕਲੱਬਾਂ ਨੂੰ ਵੱਧ ਤੋ ਵੱਧ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਅਫਸਰ ਨਰਿੰਦਰ ਕੁਮਾਰ ਸਰਮਾ,ਸੁਪਰਡੈਂਟ ਗੁਰਚੇਤ ਸਿੰਘ ਸਹਿਜੜਾ, ਗ੍ਰਾਮ ਸੇਵਕ ਸੁਖਦੀਪ ਸਿੰਘ ਦੀਵਾਨਾ, ਟੋਨਾ ਸਿੰਘ ਬਰਨਾਲਾ, ਨਰੇਗਾ ਸੈਲ ਦੇ ਏਪੀਓ ਗਗਨਦੀਪ ਸਿੰਘ, ਜੇ ਈ ਇੰਦਰਜੀਤ ਸਿੰਘ, ਕੰਪਿਊਟਰ ਅਪਰੇਟਰ ਗੁਰਦੀਪ ਸਿੰਘ ਸਹਿਜੜਾ, ਗ੍ਰਾਮ ਸੇਵਕ ਹਰਪ੍ਰੀਤ ਸਿੰਘ ਹਮੀਦੀ, ਜਸਵੀਰ ਕੌਰ ਵਜੀਦਕੇ ਅਤੇ ਕੁਲਵੀਰ ਕੌਰ ਪੰਡੋਰੀ ਆਦਿ ਵੀ ਹਾਜ਼ਰ ਸਨ।