ਬਰਨਾਲਾ, 30 ਜੂਨ (ਨਿਰਮਲ ਸਿੰਘ ਪੰਡੋਰੀ)-ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ(ਸੀਟੂ) ਦੀ ਅਗਵਾਈ ਵਿੱਚ ਕੁੱਲ ਹਿੰਦ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਮਜਦੂਰਾਂ ਨੇ ਆਪਣੀਆਂ ਮੰਗਾਂ ਲਈ ਬੱਸ ਸਟੈਂਡ ਨਜ਼ਦੀਕ ਜਾਮ ਕਰਕੇ ਧਰਨਾ ਦਿੱਤਾ। ਇਸਤੋਂ ਪਹਿਲਾਂ ਮਜ਼ਦੂਰ ਐਲਆਈਸੀ ਚੌਂਕ ਕੋਲ ਇਕੱਠੇ ਹੋਏ ਕਾਫ਼ਲੇ ਦੇ ਰੂਪ ਵਿੱਚ ਬਜ਼ਾਰ ਵਿੱਚ ਦੀ ਹੁੰਦੇ ਹੋਏ ਧਰਨਾ ਸਥਾਨ ਤੇ ਪਹੁੰਚੇ। ਧਰਨਾ ਲਗਾਏ ਜਾਣ ਦੇ ਕੁੱਝ ਸਮਾਂ ਬਾਅਦ ਤਹਿਸੀਲਦਾਰ ਬਰਨਾਲਾ ਨੇ ਪਹੁੰਚ ਕੇ ਮੰਗ ਪੱਤਰ ਹਾਸਿਲ ਕਰਕੇ ਧਰਨਾ ਚੁਕਾਇਆ।ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਸ਼ੇਰ ਸਿੰਘ ਫ਼ਰਵਾਹੀ, ਮਨਰੇਜਾ ਮਜ਼ਦੂਰ ਯੂਨੀਅਨ ਪੰਜਾਬ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਪੱਖੋਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਦਲਿਤਾਂ ਅਤੇ ਮਜ਼ਦੂਰਾਂ ਪ੍ਰਤੀ ਕਾਂਗਰਸ, ਅਕਾਲੀ ਅਤੇ ਭਾਜਪਾ ਸਰਕਾਰ ਦੀਆਂ ਨੀਤੀਆਂ ਇੱਕੋ ਜਿਹੀਆਂ ਹੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਤਾਂ ਮਾਫ਼ ਕਰ ਦਿੱਤਾ, ਪ੍ਰੰਤੂ ਮਜਦੂਰਾਂ ਦੇ ਕਰਜ਼ੇ ਦੀ ਗੱਲ ਤੱਕ ਨਹੀਂ ਕੀਤੀ। ਮੋਦੀ ਸਰਕਾਰ ਨੇ ਵੀ ਮਨਰੇਗਾ ਮਜ਼ਦੂਰਾਂ ਦੀਆਂ ਭਲਾਈ ਸਕੀਮਾਂ ਦੇ ਫ਼ੰਡਾਂ ਵਿੱਚ ਭਾਰੀ ਕਟੌਤੀ ਕਰਕੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰਾਂ ਦੇ ਸਾਰੇ ਝੂਠੇ ਨਿਕਲਣ ਦੀਆਂ ਪੋਲਾਂ ਖੋਲ੍ਹਣ ਲਈ ਪੋਲ੍ਹਖੋਲ੍ਹ ਮੁਹਿੰਮ 31 ਜੁਲਾਈ ਤੱਕ ਜਾਰੀ ਰੱਖੀ ਜਾਵੇਗੀ। ਇਸ ਸਮੇਂ ਧਰਨੇ ਨੂੰ ਮੀਤ ਪ੍ਰਧਾਨ ਹਰਬੰਸ ਸਿੰਘ ਕੱਟੂ, ਸ਼ਮਸ਼ੇਰ ਸਿੰਘ ਟੱਲੇਵਾਲ, ਸੁਦਾਗਰ ਸਿੰਘ ਉਪਲੀ, ਨਿਰਮਲ ਸਿੰਘ, ਬਲਜਿੰਦਰ ਕੌਰ ਠੁੱਲ੍ਹੀਵਾਲ, ਰਾਜਵਿੰਦਰ ਕੌਜ, ਅਜੈਬ ਸਿੰਘ ਪੰਡੋਰੀ, ਪ੍ਰੀਤਮ ਸਿੰਘ ਸਹਿਜੜਾ, ਸੁੰਦਰ ਸਿੰਘ ਬਖਤਗੜ੍ਹ, ਧਿਆਨ ਸਿੰਘ, ਦਰਸ਼ਨ ਸਿੰਘ ਕਾਲੇਕੇ, ਸਿੰਗਾਰਾ ਸਿੰਘ ਨੇ ਵੀ ਸੰਬੋਧਨ ਕੀਤਾ। ਮਜਦੂਰਾਂ ਦੀਆਂ ਮੰਗਾਂ ਹੜ ਕਿ ਮਨਰੇਗਾ ਕੰਮਾਂ ਲਈ ਮਜ਼ਦੂਰਾਂ ਦੀਆਂ ਭਲਾਈ ਸਕੀਮਾਂ ਦੇ ਫ਼ੰਡਾਂ ਵਿੱਚ ਕਟੌਤੀ ਬੰਦ ਕੀਤੀ ਜਾਵੇ, ਮਜ਼ਦੂਰ ਦਿਹਾੜੀ 200 ਰੁਪਏ ਤੋਂ ਵਧਾ ਕੇ 600 ਕੀਤੀ ਜਾਵੇ। ਕੰਸਟਰੰਕਸ਼ਨ ਵਰਕਰਾਂ ਦੀ ਕੈਟਾਗਰੀ ਵਿੱਚ ਸ਼ਾਮਿਲ ਕਰਕੇ ਲਾਭਪਾਤਰੀ ਕਾਪੀਆਂ ਰਿਨੀਊ ਕਰਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ, ਰਸੌਈ ਵਸਤੂਆਂ ਕਣਕ, ਦਾਲ, ਘੀ, ਖੰਡ, ਚਾਹ ਪੱਤੀ, ਦੁੱਧ, ਸਰ੍ਹੋਂ ਦਾ ਤੇਲ, ਕੱਪੜਾ ਸਸਤੇ ਭਾਅ ਤੇ ਡੀਪੂਆਂ ਵਿੱਚ ਦਿੱਤਾ ਜਾਵੇ, ਕੱਚੇ/ਠੇਕਾ/ਭਰਤੀ/ਡੇਲੀਵੇਜ਼ ਪੇਂਡੂ ਚੌਂਕੀਦਾਰਾਂ, ਮਿਡ-ਡੇ-ਮੀਲ, ਆਸ਼ਾ, ਆਂਗਣਵਾੜੀ, ਮਨਰੇਗਾ ਵਰਕਰਾਂ ਨੂੰ ਪੱਕਾ ਕਰਕੇ 18000 ਤਨਖਾਹ ਤੇ 4000 ਪੈਨਸ਼ਨ ਕੀਤੀ ਜਾਵੇ ਅਤੇ 45ਵੀਂ ਲੇਬਰ ਕਾਨੂੰਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ ਜਾਣ।