ਪਾਤੜਾਂ, 30 ਜੂਨ (ਪ੍ਰੇਮ ਵਧਵਾ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਮਨੁੱਖਤਾ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਨਿਰੰਤਰ ਆਪਣੀਆਂ ਜਿੰਮੇਵਾਰੀਆਂ ਪੂਰਨ ਕਰਦਾ ਆ ਰਿਹਾ ਹੈ, ਉਥੇ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਨੇ ਪੰਜਾਬ ਚ ਟਰੱਕ ਯੂਨੀਅਨਾਂ ਖਤਮ ਕਰਨ ਦਾ ਫੈਸਲਾ ਕਰਕੇ ਛੋਟੇ ਟ੍ਰਾਂਸਪੋਟਰਾਂ ਦੇ ਮਾਲੀ ਅਤੇ ਪਰਿਵਾਰਕ ਹੱਕਾਂ ਤੇ ਡਾਕਾ ਮਾਰਨ ਅਤੇ ਵੱਡੇ ਟ੍ਰਾਂਸਪੋਟਰਾਂ ਨੂੰ ਹੋਰ ਪ੍ਰਫੂਲਿਤ ਕਰਨ ਦੇ ਜਨਤਾ ਵਿਰੋਧੀ ਅਮਲ ਕੀਤੇ ਹਨ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਸਮੁੱਚੇ ਜਿਲ੍ਹਾ ਹੈਡਕੁਆਟਰਾਂ ਦੇ ਟਰੱਕ ਯੂਨੀਅਨ ਖਤਮ ਕਰਨ ਦੇ ਵਿਰੁੱਧ ਰੋਸ ਧਰਨੇ ਦਿੰਦੇ ਹੋਏ ਗਵਰਨਰ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰਾਂ ਰਾਹੀਂ ਯਾਦ ਪੱਤਰ ਦਿੱਤੇ ਜਾਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਪਾਤੜਾਂ ਨੇ ਪ੍ਰੈਸ ਨਾਲ ਗੱਲਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੰਨੀਆਂ ਵੀ ਟਰੱਕ ਯੂਨੀਅਨਾਂ ਕੰਮ ਕਰ ਰਹੀਆਂ ਹਨ। ਉਹ ਖਤਮ ਹੋਣਗੀਆਂ ਤੇ ਇਹ ਟਰੱਕ ਉਪਰੇਟਰ ਵੱਡੀਆਂ ਟ੍ਰਾਂਸਪੋਟਰ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਗੇ। ਇਹ ਜੋ ਆਰਡੀਨੈਸ ਨਾਲ ਫੈਸਲਾ ਕੀਤਾ ਗਿਆ ਹੈ, ਇਹ ਛੋਟੇ-ਛੋਟੇ ਟ੍ਰਾਂਸਪੋਰਟਰਾਂ ਜਾ ਇਕ-ਇਕ, ਦੋ-ਦੋ ਟਰੱਕ ਦੇ ਮਾਲਕਾਂ ਦੀ ਮਾਲੀ ਅਤੇ ਪਰਿਵਾਰਕ ਹਾਲਤ ਨਾਲ ਖਿਲਵਾੜ ਕਰਨ ਦੇ ਅਮਲ ਹਨ ਕਿਉਂਕਿ ਇਹ ਛੋਟੇ ਟ੍ਰਾਂਸਪੋਰਟ ਆਪਣੇ ਕਾਰੋਬਾਰ ਨੂੰ ਟਰੱਕ ਯੂਨੀਅਨਾਂ ਰਾਹੀਂ ਹੀ ਪ੍ਰਫੂਲੀਤ ਕਰ ਸਕਦੇ ਹਨ ਤੇ ਉਨ੍ਹਾਂ ਰਾਹੀਂ ਹੀ ਇਨ੍ਹਾਂ ਨੂੰ ਨਿਰੰਤਰ ਢੋਆ-ਢੁਆਈ ਦਾ ਸਮਾਨ ਮਿਲਦਾ ਹੈ। ਜੇਕਰ ਇਨ੍ਹਾਂ ਟ੍ਰਾਂਸਪੋਰਟ ਉਪਰੇਟਰਾਂ ਨੂੰ ਵੱਡੀ ਟ੍ਰਾਂਸਪੋਰਟ ਕੰਪਨੀਆਂ ਨਾਲ ਜੋੜ ਦਿੱਤਾ ਗਿਆ ਤੇ ਟਰੱਕ ਯੂਨੀਅਨਾਂ ਖਤਮ ਕਰ ਦਿੱਤੀਆਂ ਗਈਆਂ ਤਾਂ ਇਨ੍ਹਾਂ ਟਰੱਕਾਂ ਦੇ ਮਾਲਕਾਂ ਨੂੰ ਤਾਂ ਢੋਆ-ਢੁਆਈ ਦਾ ਪੂਰੀ ਕੀਮਤ ਨਹੀਂ ਮਿਲ ਸਕੇਗੀ।