ਬਠਿੰਡਾ, 30 ਜੂਨ (ਇੰਦਰਜੀਤ ਨਥਾਣਾ)-ਵਿਦਿਆਰਥੀਆਂ ਨੂੰ ਗੁਣਵੱਤਾ ਭਰਭੂਰ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾਂਦੇ ਆਪਣੇ ਵਿਲੱਖਣ ਉਪਰਾਲਿਆਂ ਕਰਕੇ ਬਾਬਾ ਫ਼ਰੀਦ ਕਾਲਜ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ -ਨਾਲ ਵਿਹਾਰਿਕ ਗਿਆਨ ਦੇਣ ਦੀ ਅਪਣਾਈ ਜਾਂਦੀ ਪਹੁੰਚ ਸਦਕਾ ਹੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਵਾਰ ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਐਮ.ਕਾਮ (ਪਹਿਲਾ ਅਤੇ ਤੀਜਾ ਸਮੈਸਟਰ) ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਮ.ਕਾਮ ਪਹਿਲਾ ਸਮੈਸਟਰ ਦੇ ਨਤੀਜੇ ਅਨੁਸਾਰ ਅਮਨਜੀਤ ਸਿੰਘ ਭੰਡਾਰੀ ਤੇ ਰਾਜਬੀਰ ਕੌਰ ਨੇ 88% ਅੰਕ ਪ੍ਰਾਪਤ ਕਰਕੇ ਅਤੇ ਮਨਦੀਪ ਕੌਰ ਨੇ 86% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ’ਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਰਤਨਪ੍ਰੀਤ ਕੌਰ ਤੇ ਰਮਨੀਤ ਕੌਰ ਨੇ 84% ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ ।ਇਸੇ ਤਰ੍ਹਾਂ ਐਮ.ਕਾਮ. ਤੀਜਾ ਸਮੈਸਟਰ ਦੇ ਨਤੀਜਿਆਂ ਵਿੱਚ ਵੀ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਕਾਲਜ ਦੀ ਵਿਦਿਆਰਥਣ ਗਗਨਦੀਪ ਕੌਰ ਤੇ ਅੰਜਲੀ ਗੋਇਲ ਨੇ 82 ਫੀਸਦੀ ਅੰਕ ਪ੍ਰਾਪਤ ਕਰਕੇ ਅਤੇ ਅਮਨਦੀਪ ਕੌਰ ਨੇ 80 ਫੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਕਾਲਜ ’ਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦੋਂ ਕਿ ਹਿਮਾਨੀ ਗੋਇਲ ਤੇ ਗੁਰਵੀਰ ਕੌਰ ਨੇ 78 ਫੀਸਦੀ ਅੰਕ ਪ੍ਰਾਪਤ ਕਰਕੇ ਕਾਲਜ ’ਚੋਂ ਤੀਜਾ ਸਥਾਨ ਹਾਸਲ ਕੀਤਾ ਹੈ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਨ੍ਹਾਂ ਸ਼ਾਨਦਾਰ ਨਤੀਜਿਆਂ ‘ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।