June 20, 2026 6:56 pm

ਬਾਦਲ ਵੱਲੋਂ ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆਂ ‘ਚ ਕਾਂਗਰਸ ਦੀ ਦਖਲਅੰਦਾਜ਼ੀ ਵਾਲੀ ਬਿਆਨਬਾਜ਼ੀ ਸਿੱਖ ਵਿਰੋਧੀ ਸਾਜ਼ਿਸ਼ਾਂ ਨੂੰ ਛੁਪਾਉਣ ਦਾ ਢਕਵੰਜ : ਮਾਨ

ਫਤਹਿਗੜ੍ਹ ਸਾਹਿਬ, 14 ਅਕਤੂਬਰ (ਪੀ.ਟੀ.ਬਿਊਰੋ)-‘ਇਸ ਗੱਲ ਵਿਚ ਕੋਈ ਸ਼ੱਕ ਨਹੀ ਕਿ ਕਾਂਗਰਸ ਜਮਾਤ ਦੇ ਆਗੂ ਗਾਂਧੀ, ਨਹਿਰੂ ਅਤੇ ਪਟੇਲ ਵੱਲੋਂ 1947 ਤੋ ਹੀ ਸਿੱਖ ਕੌਮ ਦੇ ਉੱਚੇ-ਸੁੱਚੇ ਸਮਾਜ ਪੱਖੀ ਇਖ਼ਲਾਕ ਨੂੰ ਢਾਅ ਲਗਾਉਣ ਹਿੱਤ ਸਾਜ਼ਿਸਾਂ ਸੁਰੂ ਹੋ ਗਈਆਂ ਸਨ ਅਤੇ ਇਹਨਾਂ ਨੇ ਸਿੱਖ ਕੌਮ ਨਾਲ ਕੀਤੇ ਵਾਅਦੇ, ਕੌਲ, ਇਕਰਾਰਾ ਨੂੰ ਤੋੜਕੇ ਸਿੱਖ ਕੌਮ ਨਾਲ ਧੋਖਾ ਕਰਦੇ ਆਏ ਹਨ । ਪਰ ਕਾਂਗਰਸ ਨਾਲ ਘਿਓ-ਖਿਚੜੀ ਹੋ ਕੇ ”ਬਲਿਊ ਸਟਾਰ” ਦਾ ਫ਼ੌਜੀ ਹਮਲਾ ਕਰਵਾਉਣ ਵਾਲੇ ਸ. ਬਾਦਲ ਕਿਸ ਤਰ੍ਹਾਂ ਕਹਿ ਸਕਦੇ ਹਨ ਕਿ ਕਾਂਗਰਸ ਸਿੱਖਾਂ ਅਤੇ ਪੰਜਾਬ ਦੇ ਮਸਲਿਆਂ ਵਿਚ ਦਖਲ-ਅੰਦਾਜੀ ਕਰ ਰਹੀ ਹੈ ? ਸ. ਬਾਦਲ ਅਤੇ ਹੋਰ ਰਵਾਇਤੀ ਆਗੂਆਂ ਨੇ ਉਸ ਸਮੇਂ ਦੀ ਕਾਂਗਰਸ ਦੀ ਵਜ਼ੀਰ-ਏ-ਆਜ਼ਮ ਮਰਹੂਮ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 36 ਇਤਿਹਾਸਿਕ ਗੁਰਦੁਆਰਿਆਂ ਉਤੇ ਹਮਲਾ ਕਰਨ ਲਈ ਅਤੇ ਸਿੱਖ ਨੌਜ਼ਵਾਨੀ ਦਾ ਝੂਠੇ ਪੁਲਿਸ ਮੁਕਾਬਲਿਆਂ ਰਾਹੀ ਕਤਲੇਆਮ ਕਰਨ ਲਈ ਇਹਨਾਂ ਨੇ ਖੁਦ ਸੱਦਾ ਦਿੱਤਾ ਸੀ ਅਤੇ ਇਸ ਸੋਚ ਅਧੀਨ ਹੀ ਰਵਾਇਤੀ ਆਗੂਆਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਸਮੇਂ ਬਖਤਰਬੰਦ ਫ਼ੌਜੀ ਗੱਡੀਆਂ ਰਾਹੀ ਸੁਰੱਖਿਆ ਵਿਚ ਬਾਹਰ ਕੱਢਿਆ ਸੀ । ਅਜਿਹੀ ਬਿਆਨਬਾਜੀ ਕਰਕੇ ਸ. ਬਾਦਲ ਕਾਂਗਰਸ ਨਾਲ ਹੋਏ ਗੁਪਤ ਸਮਝੋਤਿਆਂ ਅਤੇ ਸਾਜ਼ਿਸਾਂ ਨੂੰ ਛੁਪਾਉਣ ਦਾ ਢਕਵੋਂਜ਼ ਕਰ ਰਹੇ ਹਨ।’ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਵੱਲੋਂ ਅੱਜ ਸਿੱਖ ਮਸਲਿਆਂ ਵਿਚ ਕਾਂਗਰਸ ਜਮਾਤ ਦੀ ਦਖਲ-ਅੰਦਾਜੀ ਦੇਣ ਸੰਬੰਧੀ ਦਿੱਤੇ ਗਏ ਬਿਆਨ ਨੂੰ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਾਲਾ ਕਰਾਰ ਦਿੰਦੇ ਹੋਏ ਖੁਦ ਸਿੱਖ ਵਿਰੋਧੀ ਸਾਜ਼ਿਸਾਂ ਵਿਚ ਇਹਨਾਂ ਉਤੇ ਸ਼ਾਮਿਲ ਹੋਣ ਦਾ ਦੋਸ ਲਗਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਕਾਂਗਰਸ ਜਮਾਤ ਨੇ ਸਿੱਖ ਕੌਮ ਨਾਲ ਅਤੇ ਪੰਜਾਬ ਸੂਬੇ ਨਾਲ ਜੋ ਕੁਝ ਕੀਤਾ ਹੈ, ਉਸ ਤੋ ਸਿੱਖ ਕੌਮ ਦਾ ਬੱਚਾ-ਬੱਚਾ ਜਾਣੂ ਹੈ । ਲੇਕਿਨ ਜੋ ਬਾਦਲ ਦਲੀਆਂ ਦੀ ਭਾਈਵਾਲ ਜਮਾਤ ਬੀਜੇਪੀ, ਆਰ.ਐਸ.ਐਸ, ਸਿਵ ਸੈਨਾ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹੋਰ ਮੁਤੱਸਵੀ ਸੰਗਠਨ ਅਜੋਕੇ ਸਮੇਂ ਵਿਚ ਬਹੁਤ ਹੀ ਸੁਖਮ ਅਤੇ ਮਾਰੂ ਢੰਗਾਂ ਨਾਲ ਸਿੱਖ ਵਿਰੁੱਧ ਅਮਲ ਕਰਦੇ ਆ ਰਹੇ ਹਨ । ਜਿਵੇ ਬੱਚਿਆਂ ਦੇ ਸਿਲੇਬਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਬਾਰੇ ਗਲਤ ਜਾਣਕਾਰੀ ਦੇ ਕੇ ਸਿੱਖ ਕੌਮ ਦੇ ਸਤਿਕਾਰਯੋਗ ਅਕਸ ਨੂੰ ਨੁਕਸਾਨ ਪਹੁੰਚਾ ਰਹੇ ਹਨ, ਜੋ ਐਸ.ਜੀ.ਪੀ.ਸੀ. ਵੱਲੋਂ ਆਰ.ਐਸ.ਐਸ. ਦੇ ਹੁਕਮਾਂ ਤੇ ਪ੍ਰਕਾਸ਼ਿਤ ਕੀਤੀ ਗਈ ਕਿਤਾਬ ”ਸਿੱਖ ਇਤਿਹਾਸ” ਵਿਚ ਗਲਤ ਜਾਣਕਾਰੀ ਦਿੱਤੀ ਗਈ ਹੈ, ਜੋ 60 ਹਜ਼ਾਰ ਸਿੱਖਾਂ ਨੂੰ ਗੁਜਰਾਤ ਵਿਚ ਉਥੋ ਦੇ ਮੁੱਖ ਮੰਤਰੀ ਸ੍ਰੀ ਮੋਦੀ ਵੱਲੋਂ ਜ਼ਮੀਨਾਂ ਤੋ ਜ਼ਬਰੀ ਵਾਂਝੇ ਕਰਕੇ ਉਜਾੜਾਂ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਉਤੇ ਜਾਨਲੇਵਾ ਹਮਲੇ ਕਰਕੇ ਦਹਿਸ਼ਤ ਪਾਈ ਜਾ ਰਹੀ ਹੈ। ਏ.ਬੀ.ਵੀ.ਚੈਨਲ ਅਤੇ ਹੋਰ ਕਈ ਚੈਨਲਾਂ ਉਤੇ ਸਿੱਖ ਕੌਮ ਵਿਰੁੱਧ ਪ੍ਰਚਾਰ ਕਰਨ ਵਿਚ ਲੱਗੇ ਹੋਏ ਹਨ, ਪੰਜਾਬ ਦੇ ਹਰ ਵੱਡੇ ਸ਼ਹਿਰ ਵਿਚ ਬਾਹਰਲੇ ਸੂਬਿਆਂ ਦੇ ਨਿਵਾਸੀਆਂ ਨੂੰ ਵੱਡੀ ਗਿਣਤੀ ਵਿਚ ਵਸਾ ਕੇ ਕਲੋਨੀਆਂ ਬਣਾਉਦੇ ਹੋਏ, ਉਹਨਾਂ ਦੇ ਵੋਟਰ ਕਾਰਡ, ਰਾਸਣ ਕਾਰਡ ਆਦਿ ਬਣਾਕੇ ਪੱਕੇ ਬਸਿੰਦੇ ਬਣਾਕੇ ਪੰਜਾਬ ਦੀ ਸਿਆਸੀ ਸਥਿਤੀ ਨੂੰ ਸਾਜ਼ਿਸ ਰਾਹੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ, ਪੰਜਾਬ ਵਿਚ ਉੱਚ ਅਫ਼ਸਰਾਂ ਦੇ ਸਿੱਖ ਕੋਟੇ ਨੂੰ ਨਜ਼ਰ ਅੰਦਾਜ ਕਰਕੇ ਹਿੰਦੂ ਮੁਤੱਸਵੀ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਪੰਜਾਬੀ ਬੋਲੀ ਅਤੇ ਭਾਸ਼ਾਂ ਨੂੰ ਨਜ਼ਰ ਅੰਦਾਜ ਕਰਕੇ ਇਥੋ ਦੇ ਬੋਰਡ, ਦਫ਼ਤਰਾਂ ਦੇ ਨਾਮ ਹਿੰਦੀ ਵਿਚ ਲਿਖਵਾਈ ਜਾ ਰਹੇ ਹਨ, ਕੀ ਸ. ਬਾਦਲ ਨੂੰ ਇਹ ਪੰਜਾਬ ਅਤੇ ਸਿੱਖ ਵਿਰੋਧੀ ਹੋ ਰਹੇ ਅਮਲ ਨਹੀ ਦਿਖ ਰਹੇ ? ਫਿਰ ਸਿੱਖ ਅਤੇ ਮੁਸਲਿਮ ਕੌਮ ਦੇ ਕਾਤਲ ਸ੍ਰੀ ਮੋਦੀ ਨੂੰ ਸ. ਬਾਦਲ ਅਤੇ ਬਾਦਲ ਪਰਿਵਾਰ ਹਿੰਦ ਦਾ ਵਜ਼ੀਰ-ਏ-ਆਜ਼ਮ ਬਣਾਉਣ ਦੇ ਸੁਪਨੇ ਕਿਸ ਖੁਸ਼ੀ ਵਿਚ ਲੈ ਰਹੇ ਹਨ ਅਤੇ ਆਪਣੇ ਜਨਮ ਦਿਨ 8 ਦਸੰਬਰ ਨੂੰ, ਉਸ ਨੂੰ ਪੰਜਾਬ ਦੀ ਧਰਤੀ ਤੇ ਬੁਲਾਕੇ ਵੱਡੀ ਰੈਲੀ ਕਰਦੇ ਹੋਏ ਬੁਰਾਈਆਂ ਨੂੰ ਜਨਮ ਦੇਣ ਵਾਲੇ ਅਜੋਕੇ ਇਸ ਰਾਵਣ ਨੂੰ ”ਦੁੱਧ ਧੋਤਾ” ਸਾਬਤ ਕਰਨ ਪਿੱਛੇ ਸ. ਬਾਦਲ ਅਤੇ ਬਾਦਲ ਪਰਿਵਾਰ ਦਾ ਕੀ ਮਕਸਦ ਹੈ ? ਸਿੱਖ ਕੌਮ ਇਹਨਾਂ ਤੋ ਇਹਨਾਂ ਸਵਾਲਾਂ ਦਾ ਜੁਆਬ ਮੰਗਦਾ ਹੈ।
ਉਨ੍ਹਾਂ ਕਿਹਾ ਕਿ ਜਿਸ ਕਾਂਗਰਸ ਦੀ ਉਹ ਗੱਲ ਕਰਕੇ ਸ. ਬਾਦਲ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਫਿਰਕੂਆਂ ਅਤੇ ਮੁਤੱਸਵੀਆਂ ਦੇ ਮਗਰ ਲਗਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ, ਉਸ ਕਾਂਗਰਸ ਰੂਪੀ ਬੱਘੀ ਦੇ ਚਾਰ ਘੋੜੇ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਸ.ਪ੍ਰਤਾਪ ਸਿੰਘ ਬਾਜਵਾ ਅਤੇ ਸ. ਜਗਮੀਤ ਸਿੰਘ ਬਰਾੜ ਖੁਦ ਹੀ ਇਕ ਦੂਸਰੇ ਵਿਰੋਧੀ ਦਿਸਾਵਾਂ ਵੱਲ ਉਸ ਬੱਘੀ ਨੂੰ ਖਿੱਚਕੇ ਕਾਂਗਰਸ ਰੂਪੀ ਬੱਘੀ ਦਾ ਅੰਤ ਕਰਨ ਜਾ ਰਹੇ ਹਨ । ਅਜਿਹੀ ਗੁੰਮਰਾਹਕੁੰਨ ਬਿਆਨਬਾਜੀ ਕਰਕੇ ਸ. ਬਾਦਲ, ਬੀਜੇਪੀ, ਆਰ.ਐਸ.ਐਸ. ਆਦਿ ਮੁਤੱਸਵੀਆਂ ਨੂੰ ਸਿੱਖ ਵਿਰੋਧੀ ਹੋਣ ਅਤੇ ਸਿੱਖਾਂ ਦੇ ਮਾਮਲਿਆਂ ਵਿਚ ਦਖਲ ਅੰਦਾਜੀ ਕਰਨ ਤੋ ਸਰੂਖਰ ਨਹੀ ਕਰ ਸਕਦੇ । ਉਹਨਾਂ ਕਿਹਾ ਕਿ ਕਾਂਗਰਸ, ਬੀਜੇਪੀ ਜਾਂ ਆਰ.ਐਸ.ਐਸ, ਸੀ.ਪੀ.ਆਈ, ਸੀ.ਪੀ.ਐਮ ਸਭ ਸਿੱਖ ਵਿਰੋਧੀ ਜਮਾਤਾਂ ਹਨ । ਇਹਨਾਂ ਨਾਲ ਪ੍ਰਤੱਖ ਰੂਪ ਵਿਚ ਜਾਂ ਅਪ੍ਰਤੱਖ ਰੂਪ ਵਿਚ ਸਾਂਝ ਰੱਖਣ ਵਾਲੇ ਅਖੌਤੀ ਆਗੂ ਸਿੱਖ ਕੌਮ ਅਤੇ ਪੰਜਾਬ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਨਾ ਤਾ ਹੱਲ ਕਰ ਸਕਦੇ ਹਨ ਅਤੇ ਨਾ ਹੀ ਇਸ ਦੀ ਸਮਰੱਥਾ ਰਖਦੇ ਹਨ।

Send this to a friend