ਸਮਰਾਲਾ, 29 ਜੂਨ (ਕਮਲਜੀਤ)- ਅਗਾਮੀ ਮੌਨਸੂਨ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਡਰੇਨੇਜ਼ ਵਿਭਾਗ ਨੂੰ ਹਿਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ਵਿੱਚ ਡਰੇਨਾਂ ਦੀ ਸਫਾਈ ਅਤੇ ਮੁਰੰਮਤ ਕਾਰਜ ਨੂੰ ਮੁਕੰਮਲ ਕਰ ਲੈਣ। ਸਮੁੱਚੇ ਕੰਮ ਦੀ ਨਿਗਰਾਨੀ ਸਬ-ਡਵੀਜ਼ਨਾਂ ਦੇ ਉਪ ਮੰਡਲ ਮਜਿਸਟ੍ਰੇਟ (ਸਿਵਲ) ਅਤੇ ਡਰੇਨਜ਼ ਵਿਭਾਗ ਦੇ ਸੀਨੀਅਰ ਅਧਿਕਾਰੀ ਖੁਦ ਕਰਨਗੇ। ਜ਼ਿਲ੍ਹਾ ਲੁਧਿਆਣਾ ਦੀਆਂ ਡਰੇਨਾਂ ਦੀ ਸਫਾਈ ਅਤੇ ਮੁਰੰਮਤ ਬਾਰੇ ਮੌਜੂਦਾ ਸਥਿਤੀ ਦਾ ਰੀਵਿਊ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਡਰੇਨਾਂ ਦੀ ਸਫਾਈ ਅਤੇ ਮੁਰੰਮਤ ’ਤੇ ਸਭ ਤੋਂ ਵਧੇਰੇ ਤਵਜੋਂ ਦੇਣ ਦੀ ਲੋੜ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ ’ਤੇ ਜਦ ਇਹ ਪਾਣੀ ਵੱਖ-ਵੱਖ ਦਰਿਆਵਾਂ ਅਤੇ ਡਰੇਨਾਂ ਰਾਹੀਂ ਛੱਡਿਆ ਜਾਵੇਗਾ ਤਾਂ ਹੜ੍ਹ ਵਰਗੀ ਸਥਿਤੀ ਬਣ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਸਫਾਈ ਅਤੇ ਮੁਰੰਮਤ ਕਾਰਜ ਜਲਦ ਮੁਕੰਮਲ ਕਰ ਲਏ ਜਾਣ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰ. ਰੁਪਿੰਦਰਪਾਲ ਸਿੰਘ ਭੱਠਲ, ਕਾਰਜਕਾਰੀ ਇੰਜੀਨੀਅਰ, ਡਰੇਨੇਜ ਵਿਭਾਗ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੀਆਂ ਵੱਖ-ਵੱਖ ਡਰੇਨਾਂ ਦੀ ਸਫਾਈ ਅਤੇ ਮੁਰੰਮਤ ’ਤੇ ਕਰੀਬ 1.48 ਕਰੋੜ ਰੁਪਏ ਖਰਚੇ ਜਾ ਰਹੇ ਹਨ। ਪੂਰੇ ਜ਼ਿਲ੍ਹੇ ਵਿੱਚ ਅੱਠ ਅਜਿਹੇ ਸਥਾਨ ਹਨ, ਜਿੱਥੇ ਮੀਂਹ ਦੇ ਪਾਣੀ ਦੇ ਰੁਕਣ ਦਾ ਖਦਸ਼ਾ ਸੀ, ਉਹਨਾਂ ਸਾਰੇ ਸਥਾਨਾਂ ’ਤੇ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਇਹਨਾਂ ਕੰਮਾਂ ਵਿੱਚ ਵੱਖ-ਵੱਖ ਥਾਵਾਂ (ਈਸਾਪੁਰ, ਖਹਿਰਾ ਬੇਟ, ਮਾਨੇਵਾਲਾ ਅਤੇ ਮਧੇਪੁਰ ਕੰਪਲੈਕਸ) ’ਤੇ ਸਟੱਡਾਂ ਦਾ ਨਿਰਮਾਣ ਅਤੇ ਮੁਰੰਮਤ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੂੰਮ ਲਿੰਕ ਡਰੇਨ, ਰਾਏਪੁਰ ਲਿੰਕ ਡਰੇਨ, ਮੈਣੀ ਚਮਕੌਰ ਮਾਛੀਵਾੜਾ (ਅਪਰ) ਡਰੇਨ ਅਤੇ ਰਛੀਨ ਡਰੇਨ ਵਿੱਚੋਂ ਸਰਕੰਡਾ, ਘਾਹ ਫੂਸ, ਜਾਲਾ, ਬੂਟੀ, ਚਿੱਕੜ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦੇ ਸਾਰੇ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕਰ ਲਏ ਜਾਣਗੇ। ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਅਜਿਹਾ ਪੁਆਇੰਟ ਨਾ ਰਹੇ ਜਿਸ ਦੀ ਸਫਾਈ ਜਾਂ ਮੁਰੰਮਤ ਨਾ ਹੋਵੇ। ਇਹਨਾਂ ਸਾਰੇ ਕੰਮਾਂ ਦੀ ਐਸ. ਡੀ. ਓ. ਪੱਧਰ ਦੇ ਅਧਿਕਾਰੀ ਖੁਦ ਨਿਗਰਾਨੀ ਕਰ ਰਹੇ ਹਨ।
ਡਰੇਨਾਂ ਦੀ ਸਫਾਈ ਅਤੇ ਮੁਰੰਮਤ ਦਾ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕੀਤਾ ਜਾਵੇ : ਡੀ.ਸੀ.



