ਤਲਵੰਡੀ ਸਾਬੋ, 28 ਜੂਨ (ਰਾਮ ਰੇਸ਼ਮ ਨਥੇਹਾ)- ਪਿਛਲੇ ਸਮੇਂ ਵਿੱਚ ਪੰਜਾਬ ਦੇ ਨਾਲ ਨਾਲ ਹਲਕਾ ਤਲਵੰਡੀ ਸਾਬੋ ਦੇ ਕਿਸਾਨਾਂ ਨੂੰ ਸਿੰਚਾਈ ਲਈ ਮਿਲੇ ਜਨਰਲ ਅਤੇ ਚੇਅਰਮੈਨ ਕੋਟੇ ਦੇ ਟਿਊਬਵੈਲ ਕੁਨੈਕਸ਼ਨਾਂ ਲਈ ਕਿਸਾਨਾਂ ਵੱਲੋਂ ਸਾਰੀਆਂ ਜਰੂਰੀ ਕਾਰਵਾਈਆਂ ਪੂਰੀਆਂ ਕਰ ਦੇਣ ਅਤੇ ਨਵੇਂ ਕੁਨੈਕਸ਼ਨਾਂ ਨੂੰ ਸਮਾਨ ਦੇਣ ਲਈ ਪਾਵਰਕਾਮ ਵੱਲੋਂ ਹਰੀ ਝੰਡੀ ਦੇ ਦਿੱਤੇ ਜਾਣ ਦੇ ਬਾਵਜੂਦ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨਾਂ ਦਾ ਸਮਾਨ ਦੇਣ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਸੀਨ:ਅਕਾਲੀ ਆਗੂ ਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈਸ ਬਿਆਨ ਰਾਂਹੀ ਕੀਤਾ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਕਿਸਾਨਾਂ ਨੂੰ ਪਾਵਰਕਾਮ ਵੱਲੋਂ ਟਿਊਬਵੈਲ ਕੁਨੈਕਸ਼ਨਾਂ ਲਈ ਸਮਾਨ ਦੇਣ ਦੀਆਂ ਹਿਦਾਇਤਾਂ ਜਾਰੀ ਕਰ ਦੇਣ ਦੇ ਬਾਵਜੂਦ ਅਤੇ ਝੋਨੇ ਦੀ ਬਿਜਾਈ ਦਾ ਕੰਮ ਬੀਤੇ ਕਈ ਦਿਨਾਂ ਤੋਂ ਸ਼ੁਰੂ ਹੋ ਜਾਣ ਦੇ ਬਾਵਜੂਦ ਜਨਰਲ ਕੋਟੇ ਅਤੇ ਚੇਅਰਮੈਨ ਕੋਟੇ ਵਾਲੇ ਟਿਊਬਵੈਲ ਕੁਨੈਕਸ਼ਨ ਧਾਰਕ ਕਿਸਾਨਾਂ ਨੂੰ ਸਮਾਨ ਨਹੀ ਦਿੱਤਾ ਜਾ ਰਿਹਾ ਤੇ ਕਿਸਾਨ ਹਰ ਰੋਜ ਦਫਤਰਾਂ ਵਿੱਚ ਧੱਕੇ ਖਾ ਰਹੇ ਹਨ ਪ੍ਰੰਤੂ ਉਨ੍ਹਾਂ ਦੀ ਕਿਧਰੇ ਸੁਣਵਾਈ ਨਹੀ ਹੋ ਰਹੀ।ਸਾਬਕਾ ਵਿਧਾਇਕ ਨੇ ਕਿਹਾ ਕਿ ਉਨਾ ਕੋਲ ਇਹ ਮਾਮਲਾ ਹੁਣ ਪੁੱਜਾ ਹੈ ਤੇ ਉਹ ਇਸ ਸਬੰਧੀ ਪਾਵਰਕਾਮ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਨ।ਉਨ੍ਹਾਂ ਨਾਲ ਹੀ ਕਿਹਾ ਕਿ ਜੇ ਫਿਰ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਉਹ ਬਿਜਲੀ ਮੰਤਰੀ ਤੱਕ ਪਹੁੰਚ ਕਰਨਗੇ ਤੇ ਕੋਸ਼ਿਸ ਕੀਤੀ ਜਾਵੇਗੀ ਕਿ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਲਾਉਣ ਲਈ ਸਮਾਨ ਜਲਦੀ ਦੁਆਇਆ ਜਾ ਸਕੇ ਤੇ ਉਨ੍ਹਾਂ ਦੀ ਖੱਜਲਖੁਆਰੀ ਨਾ ਹੋਵੇ।ਸਾਬਕਾ ਵਿਧਾਇਕ ਨੇ ਕਿਹਾ ਕਿ ਚੇਅਰਮੈਨੀ ਕੋਟੇ ਦੇ ਅਕਾਲੀ ਭਾਜਪਾ ਸਰਕਾਰ ਵੱਲੋਂ ਜਾਰੀ ਕੁਨੈਕਸ਼ਨਾਂ ਦੀਆਂ ਜਿਨ੍ਹਾ ਕਿਸਾਨਾਂ ਨੇ ਅਜੇ ਤੱਕ ਕੇਵਲ ਮੁਢਲੀ ਸਕਿਉਰਟੀ ਹੀ ਭਰੀ ਹੈ ਅਤੇ ਉਨਾਂ ਦੇ ਐਸਟੀਮੈਟ ਲੱਗਣੇ ਅਜੇ ਰਹਿੰਦੇ ਹਨ ਨੂੰ ਵੀ ਕੁਨੈਕਸ਼ਨ ਜਲਦੀ ਜਾਰੀ ਕਰਵਾਉਣ ਲਈ ਉਹ ਪਾਵਰਕਾਮ ਉਚ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਤੇ ਲੋੜ ਪਈ ਤਾਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰਨ ਤੋਂ ਪਿੱਛੇ ਨਹੀ ਹਟਣਗੇ।
ਟਿਊਬਵੈਲ ਕੂਨੈਕਸ਼ਨਾਂ ਦਾ ਸਮਾਨ ਦੇਣ ਲਈ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹੈ : ਸਾਬਕਾ ਵਿਧਾਇਕ ਸਿੱਧੂ



