ਰੂਪਨਗਰ, 27 ਜੂਨ (ਗੁਰਸ਼ਰਨ ਸਿੰਘ, ਗੁਲਸ਼ਨ)- ਕਾਰਮਲ ਸਕੂਲ ਕਟਲੀ ਵਿਖੇ ਇੱਕ ਵਿਸ਼ੇਸ਼ ਜਨਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਰਾਣਾ ਕੰਵਰਪਾਲ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਇਸ ਸਮਾਗਮ ਨੂੰ ਸੰਬੋਧਨ ਕਰਦਿਆ ਰਾਣਾ ਕੰਵਰਪਾਲ ਸਿੰਘ ਨੇ ਪੰਜਾਬ ਦੇ ਹਾਲਾਤ ਨੂੰ ਮੁੜ ਲੀਹ ਤੇ ਲਿਆਉਂਣ ਲਈ ਸਾਰੇ ਪੰਜਾਬੀਆਂ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਪਾਰਟੀ ਪੱਧਰ ਤੋਂ ਓੁਪਰ ਉਠ ਕੇ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਇਹ ਸੂਬਾ ਜੋ ਕਿ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਇਸਨੂੰ ਦਲਦਲ ਵਿੱਚੋਂ ਕੱਢਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਜੋ ਕਦੇ ਦੇਸ਼ ਦਾ ਮੋਹਰੀ ਸੂਬਾ ਸੀ ਅੱਜ ਇਸ ਸੂਬੇ ਵਿੱਚ ਨਸ਼ਿਆ ਨਾਲ ਲੋਕ ਪ੍ਰਭਾਵਿਤ ਹਨ, ਸੂਬੇ ਵਿੱਚ ਗੈਂਗਸਟਰ ਲੁੱਟਾ ਖੋਹਾਂ ਕਰ ਰਹੇ ਹਨ ਤੇ ਜ਼ਾਇਦਾਦਾਂ ਤੇ ਕਬਜੇ ਕਰ ਰਹੇ ਹਨ ਅਤੇ ਭਾੜੇ ਦੇ ਕਾਤਲ ਜੋ ਕਿ ਕਦੇ ਦੂਜੇ ਸੂਬਿਆਂ ਵਿੱਚ ਸਰਗਰਮ ਹੁੰਦੇ ਸਨ, ਅੱਜ ਇਸ ਰਾਜ ਵਿੱਚ ਵੀ ਸਰਗਰਮ ਹਨ ਭਾਵ ਕੁੱਝ ਵੀ ਸੁਰੱਖਿਅਤ ਨਹੀਂ ਹੈ। ਇਹਨਾਂ ਹਲਾਤਾਂ ਨੂੰ ਠੀਕ ਕਰਨ ਲਈ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਅਤੇ ਰਾਜਨੀਤਿਕ ਪਾਰਟੀਆਂ ਨੂੰ ਰਲ ਮਿਲ ਕੇ ਯੋਗਦਾਨ ਪਾਉਂਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿੱਥੋਂ ਪੰਜਾਬ ਪਿੱਛੇ ਰਹਿ ਗਿਆ ਸੀ ਉਸ ਨੂੰ ਮੁੜ ਉਸ ਮੁਕਾਮ ਤੇ ਪਹੁੰਚਾਉਂਣ ਦੀ ਲੋੜ ਹੈ। ਉਹਨਾਂ ਕਿਹਾ ਕਿ ਰੂਪਨਗਰ ਸ਼ਹਿਰ ਉਹਨਾਂ ਦੀ ਕਰਮਭੂਮੀ ਹੈ ਉਹ ਇਸ ਸ਼ਹਿਰ ਵਿੱਚ ਹੀ 1972 ਵਿੱਚ ਪੜ੍ਹਨ ਲਈ ਆਏ ਸਨ ਅਤੇ ਇਸ ਉਪਰੰਤ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿੱਚ ਪਹੁੰਚੇ ਹਨ। ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਪਾਰਟੀਆਂ ਨੇ ਉਹਨਾਂ ਉਤੇ ਭਰੋਸਾ ਜਿਤਾਉਂਦੇ ਹੋਏ ਉਹਨਾਂ ਨੂੰ ਵਿਧਾਨ ਸਭਾ ਦਾ ਸਪੀਕਰ ਦੀ ਜ਼ਿੰਮੇਵਾਰੀ ਦਿੱਤੀ ਅਤੇ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਹ ਵਿਧਾਨ ਸਭਾ ਦੇ ਸਪੀਕਰ ਦੇ ਅਹੁਦੇ ਨੂੰ ਧਰਮ ਅਨੁਸਾਰ ਹੀ ਨਿਭਾਅ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਵੇਲੇ ਉਹਨਾਂ ਦੇ ਦੁੱਖ-ਸੁੱਖ ਵਿੱਚ ਉਹਨਾਂ ਨਾਲ ਖੜ੍ਹਨਗੇ। ਕਿਸੇ ਵੀ ਵਿਅਕਤੀ ਨੂੰ ਜਦੋਂ ਵੀ ਉਹਨਾਂ ਦੀ ਲੋੜ ਪਵੇ ਤਾਂ ਉਹ ਉਨ੍ਹਾਂ ਪਾਸ ਆ ਸਕਦਾ ਹੈ। ਇਸ ਮੌਕੇ ਕਾਰਮਲ ਸਕੂਲ ਕਟਲੀ ਦੇ ਮੁੱਖੀ ਅਮਰਜੀਤ ਸਿੰਘ ਸੈਣੀ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਤੇ ਉਨ੍ਹਾਂ ਦੇ ਭਰਾ ਕੁਲਦੀਪ ਸਿੰਘ ਨੇ ਸਪੀਕਰ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।