ਚੰਡੀਗੜ੍ਹ, 26 ਜੂਨ (ਬਲਜੀਤ ਸਿੰਘ ਬਰਾੜ)-ਪੰਜਾਬ ਦੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼ੇਣੀਆਂ ਅਤੇ ਘੱਟ ਗਿਣਤੀ ਵਰਗ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਦੇ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਦਾ ਸਰਬਪੱਖੀ ਵਿਕਾਸ ਕਰਨ ਹਿੱਤ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਭਲਾਈ ਸਕੀਮਾਂ ਉਨ੍ਹਾਂ ਲਈ ਵਰਦਾਨ ਸਿੱਧ ਹੋਣਗੀਆਂ। ਸ. ਧਰਮਸੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ, ਮੁਸਲਿਮ, ਇਸਾਈ ਬੋਧੀ, ਪਾਰਸੀ ਤੇ ਜੈਨ ਆਦਿ ਘੱਟ ਗਿਣਤੀ ਵਰਗਾਂ ਦਾ ਆਰਥਿਕ ਤੇ ਸਮਾਜਿਕ ਮਿਆਰ ਉਚਾ ਚੁੱਕਣਾ ਸਾਡੀ ਸਰਕਾਰ ਦਾ ਮੁੱਖ ਮੰਤਵ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਸੂਬੇ ਦੇ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਦਾ ਆਰਥਿਕ ਮਿਆਰ ਉਚਾ ਚੁੱਕਣ ਲਈ ਵਿਸ਼ੇਸ਼ ਸਕੀਮਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਮੈਰਿਟ-ਕਮ-ਮੀਨਜ ਬੇਸਡ ਸਕਾਲਰਸ਼ਿਪ ਸਕੀਮ’ ਤਹਿਤ ਪੰਜਾਬ ਸਰਕਾਰ ਵਲੋਂ ਪ੍ਰਵਾਨਿਤ ਸੂਬੇ ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਆਈ.ਟੀ., ਆਈ.ਆਈ.ਐਮ. ਆਦਿ ’ਚ ਪੜ੍ਹ ਰਹੇ, ਗਰੈਜੂਏਟ/ਪੋਸਟ ਗਰੈਜੂਏਟ ਪੱਧਰ ਦੇ ਤਕਨੀਕੀ ਜਾਂ ਪ੍ਰੋਫੈਸ਼ਨਲ ਕੋਰਸਾਂ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ, ਇਸ ਸਕੀਮ ਦਾ ਲਾਭ ਉਠਾ ਸਕਣਗੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਘੱਟ ਗਿਣਤੀ ਵਰਗ ਦੇ ਉਹ ਵਿਦਿਆਰਥੀ ਜੋ ਪੰਜਾਬ ਦੀਆਂ ਸੰਸਥਾਵਾਂ ’ਚ ਪੜ੍ਹ ਰਹੇ ਹਨ ਤੇ ਹੋਸਟਲਾਂ ’ਚ ਰਹਿ ਰਹੇ ਹਨ, ਨੂੰ ਦਾਖਲੇ ਦੀ ਮਿਤੀ ਤੋਂ 10 ਹਜ਼ਾਰ ਰੁਪਏ ਸਲਾਨਾ (1 ਹਜ਼ਾਰ ਰੁਪਏ ਪ੍ਰਤੀ ਮਹੀਨਾ-10 ਮਹੀਨਿਆਂ ਲਈ) ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ਜਿਵੇਂ ਕਿ ਆਈ.ਆਈ.ਟੀ., ਆਈ.ਆਈ.ਐਮ. ਆਦਿ ’ਚ ਪੜ੍ਹ ਰਹੇ ਹਨ, ਨੂੰ ਅਸਲ ਜਾਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਸਲਾਨਾ ਵਜੀਫ਼ਾ ਦਿੱਤਾ ਜਾਵੇਗਾ। ਭਲਾਈ ਮੰਤਰੀ ਨੇ ਪੰਜਾਬ ਦੀਆਂ ਸੰਸਥਾਵਾਂ ’ਚ ਪੜ੍ਹ ਰਹੇ ਘੱਟ ਗਿਣਤੀ ਵਰਗ ਦੇ ਡੇ-ਸਕਾਲਰ ਵਿਦਿਆਰਥੀਆਂ ਨੂੰ 5 ਹਜ਼ਾਰ ਰੁਪਏ ਸਲਾਨਾ (500 ਰੁਪਏ ਪ੍ਰਤੀ ਮਹੀਨਾ-10 ਮਹੀਨਿਆਂ ਲਈ) ਵਜ਼ੀਫਾ ਦਿੱਤਾ ਜਾਵੇਗਾ ਜਦਕਿ ਕੌਮੀ ਪੱਧਰ ਦੀਆਂ ਸੰਸਥਾਵਾਂ ’ਚ ਪੜ੍ਹੇ ਰਹੇ ਡੇ-ਸਕਾਲਰ ਵਿਦਿਆਰਥੀਆਂ ਨੂੰ ਅਸਲ ਜਾਂ ਵੱਧ ਤੋਂ ਵੱਧ 20 ਹਜ਼ਾਰ ਰੁਪਏ ਸਲਾਨਾ ਵਜੀਫ਼ਾ ਦਿੱਤਾ ਜਾਵੇਗਾ। ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਵਜ਼ੀਫਾ ਹਾਸਲ ਕਰਨ ਵਾਲੇ ਵਿਦਿਆਰਥੀ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਨਵੇਂ ਕੋਰਸ ’ਚ ਦਾਖਲ ਉਹ ਵਿਦਿਆਰਥੀ ਵਜ਼ੀਫਾ ਲੈਣ ਦਾ ਹੱਕਦਾਰ ਹੋਵੇਗਾ ਜਿਸਨੇ ਪੂਰਬਲੀ ਪ੍ਰੀਖਿਆ ’ਚ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕੀਤੇ ਹੋਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਨਵੇਂ ਕੋਰਸ ਲਈ ਰਿਨਿਊਅਲ ਸਕਾਲਰਸ਼ਿਪ ਪਿਛਲੀ ਪ੍ਰੀਖਿਆ ’ਚ 50 ਫੀਸਦੀ ਅੰਕ ਹਾਸਲ ਕਰਨ ’ਤੇ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਕੌਮੀ ਪੱਧਰ ਦੀਆਂ ਸੰਸਥਾਵਾਂ ’ਚ ਪੰਜਾਬ ਸੂਬੇ ਦੇ ਵਸਨੀਕ ਵਿਦਿਆਰਥੀ ਹੀ ਇਸ ਸਕੀਮ ਦਾ ਲਾਭ ਹਾਸਲ ਕਰ ਸਕਣਗੇ।