ਭਗਵਾਨਪੁਰਾ ਵਿਖੇ 7 ਰੋਜ਼ਾ ਦਸਤਾਰ ਸਿਖ਼ਲਾਈ ਕੈਂਪ

image ਤਲਵੰਡੀ ਸਾਬੋ, 26 ਜੂਨ (ਰਾਮ ਰੇਸ਼ਮ ਨਥੇਹਾ)-ਇੰਟਰਨੈਸ਼ਨਲ ਦਸ਼ਮੇਸ਼ ਗੱਤਕਾ ਅਕੈਡਮੀ ਦਮਦਮਾ ਸਾਹਿਬ ਵੱਲੋਂ ਨਜ਼ਦੀਕੀ ਪਿੰਡ ਭਗਵਾਨਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਗੁਰਦੁਆਰਾ ਕਮੇਟੀ ਅਤੇ ਨਗਰ ਦੇ ਸਹਿਯੋਗ ਸਦਕਾ ਸੱਤ ਰੋਜ਼ਾ ਦਸਤਾਰ ਸਿਖਲਾਈ ਕੈਂਪ ਲਗਾ ਕੇ ਪਿੰਡ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਅਤੇ ਕੈਂਪ ਦੀ ਸਮਾਪਤੀ ਮੌਕੇ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਉਕਤ ਕੈਂਪ ਸੰਬੰਧੀ ਜਾਣਕਾਰੀ ਦਿੰਦਿਆ ਦਸਤਾਰ ਕੋਚ ਕੁਲਬੀਰ ਸਿੰਘ ਯਾਤਰੀ ਅਤੇ ਹਰਜਿੰਦਰ ਸਿੰਘ ਕਿਲੀ ਨੇ ਦੱਸਿਆ ਕਿ ਨੌਜਵਾਨਾਂ ਅੰਦਰੋਂ ਦਸਤਾਰ ਦੀ ਘਟਦੀ ਜਾ ਰਹੀ ਰੁਚੀ ਅਤੇ ਦਸਤਾਰ ਦੇ ਸਤਿਕਾਰ ਨੂੰ ਮੁੜ ਸੁਰਜੀਤ ਕਰਨ ਲਈ ਉਕਤ ਸੰਸਥਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਗੁਰੂ ਸਾਹਿਬਾਨਾਂ ਦੁਆਰਾ ਬਖਸ਼ਿਸ਼ ਕੀਤਾ ਸਿੱਖੀ ਦਾ ਇਹ ਤਾਜ਼ ਮੁੜ ਆਪਣੇ ਸਿਰਾਂ ‘ਤੇ ਸਜਾ ਸਕੇ। ਇਸੇ ਹੀ ਉਪਰਾਲੇ ਤਹਿਤ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਪਿੰਡ ਦੇ ਵੱਡੀ ਗਿਣਤੀ ਨੌਜਵਾਨਾਂ ਅਤੇ ਬੱਚਿਆਂ ਨੇ ਭਾਗ ਲੈ ਕੇ ਦਸਤਾਰ ਦੀਆਂ ਬਾਰੀਕੀਆਂ ਸਿੱਖੀਆਂ।
ਦਸਤਾਰ ਕੋਚ ਨੇ ਦੱਸਿਆ ਕਿ ਕੈਂਪ ਦੀ ਸਮਾਪਤੀ ਵਾਲੇ ਦਿਨ ਸਮੁੱਚੇ ਨੌਜਵਾਨਾਂ ਦਾ ਇੱਕ ਸੁੰਦਰ ਦਸਤਾਰ ਸਜਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਹਰਪਿੰਦਰ ਸਿੰਘ ਨੇ ਪਹਿਲਾ ਸਥਾਨ, ਜਸਕਰਨ ਸਿੰਘ ਨੇ ਦੂਜਾ ਸਥਾਨ ਜਦੋਂਕਿ ਤੀਜਾ ਸਥਾਨ ਮਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ ਜਿੰਨ੍ਹਾਂ ਨੂੰ ਅਕੈਡਮੀ ਵੱਲੋਂ ਮੈਡਲ ਅਤੇ ਪਿੰਡ ਵੱਲੋਂ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਦਸਤਾਰ ਕੋਚ ਕੁਲਬੀਰ ਸਿੰਘ ਯਾਤਰੀ,ਹਰਜਿੰਦਰ ਸਿੰਘ ਕਿਲੀ, ਮੰਗਲ ਸਿੰਘ ਮਰਗਿੰਦਪੁਰਾ ਅਤੇ ਪਰਮਜੀਤ ਸਿੰਘ ਦਾ ਸਮੁੱਚੇ ਨਗਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵੰਤ ਸਿੰਘ, ਲਖਵਿੰਦਰ ਸਿੰਘ ਪ੍ਰਧਾਨ,ਬਲਜੀਤ ਸਿੰਘ, ਸੰਦੀਪ ਸਿੰਘ, ਮਨਪ੍ਰੀਤ ਸਿੰਘ,ਹਰਪਿੰਦਰ ਸਿੰਘ, ਸਤਨਾਮ ਸਿੰਘ, ਜਸਕਰਨ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਆਦਿ ਮੌਜੂਦ ਰਹੇ।

Send this to a friend