ਜਲੰਧਰ, 24 ਜੂਨ (ਏਕਮਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਕਾਲੀ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਖਾਈ ਆਪਸੀ ਸਾਂਝ ਨੂੰ ਗੈਰਅਸੂਲੀ ਮਿੱਤਰਤਾ ਕਰਾਰ ਦਿੰਦਿਆਂ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੈਸ਼ਨ ਦੌਰਾਨ ਦੋਵੇਂ ਪਾਰਟੀਆਂ ਲੋਕ ਮੁੱਦਿਆਂ ਬਾਰੇ ਉਸਾਰੂ ਬਹਿਸ ਦੀ ਥਾਂ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਹਾਰ ਦੇ ਦੁੱਖ ਨੂੰ ਛੁਪਾਉਣ ਲਈ ਇਕ-ਦੂਜੇ ਨੂੰ ਧਰਵਾਸ ਦੇਣ ‘ਤੇ ਲੱਗੀਆਂ ਰਹੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਤੇ ਆਮ ਆਦਮੀ ਪਾਰਟੀ ਦਾ ਆਪਸੀ ਵਰਤਾਓ ਬੇਬੱਸ ਦਾ ਰਾਹੋਂ ਖੁੰਝੇ ਦੇ ਲੜ ਲੱਗਣ ਵਾਂਗ ਹੈ। ਸਥਾਨਕ ਅਰਬਨ ਸਟੇਟ ਫੇਜ਼-2 ਵਿਖੇ 66 ਕੇ.ਵੀ ਸਬ ਸਟੇਸ਼ਨ ਲੋਕਾਂ ਨੂੰ ਸਮਰਪਣ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਤੱਕ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਆਮ ਆਦਮੀ ਪਾਰਟੀ ਦੇ ਆਗੂ ਇੱਕ ਦੂਜੇ ਖਿਲਾਫ ਪੱਕੇ ਦੁਸ਼ਮਣਾ ਵਾਂਗ ਸਨ ਪਰ ਹੁਣ ਦੋਵੇਂ ਧਿਰਾਂ ਲੋਕ ਮੁੱਦਿਆਂ ਨੂੰ ਉਠਾਉਣ ਦੀ ਥਾਂ ਇਕ ਦੂਜੇ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਨਮੋਸ਼ੀਜਨਕ ਹਾਰ ਲਈ ਧਰਵਾਸ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਉਨ੍ਹਾਂ ਵੱਲੋਂ ਕੁਝ ਮਹੀਨੇ ਪਹਿਲਾਂ ਤੱਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਖਿਲਾਫ ਦਿੱਤੇ ਜ਼ਹਿਰ ਭਰੇ ਬਿਆਨਾਂ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੇ ਜਿਸ ਆਗੂ ਸ੍ਰੀ ਐਚ.ਐਸ.ਫੂਲਕਾ ਨਾਲ ਇਕੱਠੇ ਗੱਡੀ ਵਿੱਚ ਬੈਠ ਸਨ, ਉਸ ਆਗੂ ‘ਤੇ ਉਨ੍ਹਾਂ ਖੁਦ ਹੀ ਦਿੱਲੀ ‘ਚ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦਾ ਪੱਖ ਕਮਜ਼ੋਰ ਕਰਨ ਦੇ ਗਹਿਰੇ ਦੋਸ਼ ਲਾਏ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਆਮ ਆਮਦੀ ਪਾਰਟੀ ਇਕ ਦੂਜੇ ਪ੍ਰਤੀ ਪਹਿਲੇ ਸਟੈਂਡ ‘ਤੇ ਖੜ੍ਹਨ ਦਾ ਸਾਹਸ ਕਰਨ ਦੀ ਥਾਂ ਸੂਝਵਾਨ ਲੋਕਾਂ ਦੇ ਸਮਰਥਨ ਸਦਕਾ ਜਿੱਤੀ ਕਾਂਗਰਸ ਪਾਰਟੀ ਖਿਲਾਫ ਗੈਰਅਸੂਲੀ ਗੱਠਜੋੜ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਮੱਦਦ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜੇ ਮਾਫ ਕਰਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਨਾ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਦੂਰਦਰਸ਼ੀ ਅਤੇ ਲੋਕ ਪੱਖੀ ਬਜਟ ਪੇਸ਼ ਕੀਤਾ ਹੈ ਜੋ ਕਿ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਬਜਟ ਸੂਬੇ ਦੇ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰੇਗਾ ਤੇ ਪੰਜਾਬ ਨੂੰ ਅਗਾਂਹਵਧੂ ਸੂਬਾ ਬਣਾਏਗਾ। ਨਾਲ ਹੀ ਉਨ੍ਹਾਂ ਕਿਹਾ ਕਿ ਆਪਣੇ ਪਹਿਲੇ ਬਜਟ ਵਿੱਚ ਹੀ ਸਾਡੀ ਸਰਕਾਰ ਨੇ ਸਮਾਜ ਦੇ ਹਰ ਵਰਗ ਦਾ ਖਿਆਲ ਰੱਖਿਆ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਦਾ ਸਵਾਗਤ ਕਰਦਿਆਂ ਜਲੰਧਰ ਕੈਂਟ ਤੋਂ ਵਿਧਾਇਕ ਸ੍ਰੀ ਪਰਗਟ ਸਿੰਘ ਨੇ ਉਦਯੋਗਾਂ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਹਲਕੇ ਨਾਲ ਸਬੰਧਤ ਬਿਜਲੀ ਅਤੇ ਸਿੰਚਾਈ ਮਹਿਕਮੇ ਦੇ ਮਸਲਿਆਂ ਤੋਂ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ ਜਿਸ ‘ਤੇ ਸ੍ਰੀ ਰਾਣਾ ਵੱਲੋਂ ਇਨ੍ਹਾਂ ਦੇ ਹੱਲ ਲਈ ਭਰੋਸਾ ਦਿੱਤਾ ਗਿਆ। ਸ੍ਰੀ ਪਰਗਟ ਸਿੰਘ ਨੇ ਉਮੀਦ ਜਤਾਈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਦਰਸ਼ੀ ਅਤੇ ਸੁਚੱਜੀ ਅਗਵਾਈ ਹੇਠ ਪੰਜਾਬ ਵਿਕਾਸ ਦੀਆਂ ਨਵੀਆਂ ਪੈੜਾਂ ਪਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਨਵੇਂ ਬਣੇ ਸਬ ਸਟੇਸ਼ਨ ਵਿਖੇ ਪੌਦਾ ਵੀ ਲਗਾਇਆ।