ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਆਪਣੇ ਆਪ ਨੂੰ ਬੇਸਹਾਰਾ ਜਾਂ ਲਾਚਾਰ ਨਾ ਸਮਝਣ
ਫਿਰੋਜ਼ਪੁਰ, 23 ਜੂਨ (ਮਨੋਹਰ ਲਾਲ)-ਪਲੇਠੀ ਮੀਟਿੰਗ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲਾ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਆਲੇਵਾਲਾ ਦਾਖਲੀ ਸਤੀਏਵਾਲਾ ਜ਼ਿਲ੍ਹਾ ਫਿਰੋਜਪੁਰ ਵਿਖੇ ਹੋਈ। ਜਿਸ ਵਿਚ ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰਦੁਆਰਿਆਂ ਦੇ ਗ੍ਰੰਥੀ ਸਿੰਘ ਪਾਠੀ ਸਿੰਘ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲਾ ਨੇ ਗ੍ਰੰਥੀ ਸਿੰਘ ਆਦਿ ਨੂੰ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਲਈ ਆਪੋ ਆਪਣੇ ਵਿਚਾਰ ਰੱਖਣ ਲਈ ਆਖਿਆ। ਇਸ ਮੌਕੇ ਗ੍ਰੰਥੀ ਸਿੰਘ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਗ੍ਰੰਥੀ ਸਿੰਘ ਨੇ ਜਥੇਦਾਰਾਂ ਦੇ ਸਾਹਮਣੇ ਆਪਣੇ ਦੁਖੜੇ ਫੋਲੇ। ਉਨ੍ਹਾਂ ਆਖਿਆ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਾਡੀ ਗ੍ਰੰਥੀ ਸਿੰਘ ਅਤੇ ਪਾਠੀ ਸਿੰਘ ਦੀ ਸਾਰ ਲੈ ਰਿਹਾ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਜਾਂ ਸ੍ਰੋਮਣੀ ਕਮੇਟੀ ਜਾਂ ਕਿਸੇ ਜਥੇਬੰਦੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਗ੍ਰੰਥੀ ਸਿੰਘ ਨੇ ਆਖਿਆ ਕਿ ਅੱਜ ਸਾਡੀ ਵੀ ਕੋਈ ਸੁਣਵਾਈ ਵਾਲਾ ਸਾਡੇ ਕੋਲ ਆਇਆ ਹੈ। ਗ੍ਰ੍ਰੰਥੀ ਸਿੰਘ ਨੇ ਆਖਿਆ ਕਿ ਸਾਡੀ ਹਾਲਤ ਬਹੁਤ ਤਰਸਯੋਗ ਹੈ ਕਿਉਂਕਿ ਪਿੰਡਾਂ ਵਿਚ ਨੌਜ਼ਵਾਨਾਂ ਵਿਚ ਨਿਘਾਰ ਆ ਚੁੱਕਾ ਹੈ ਤੇ ਲੋਕ ਵਿਆਹ ਆਦਿ ਤੇ ਲੱਚਰ ਪੁਣੇ ਤੇ ਹਜ਼ਾਰਾਂ ਨੋਟ ਵਾਰ ਕੇ ਸੁੱਟ ਦਿੰਦੇ ਹਨ, ਪਰ ਗ੍ਰੰਥੀ ਸਿੰਘ ਜਾਂ ਕੀਰਤਨ ਕਰਨ ਵਾਲੇ ਨੂੰ ਮਾਇਆ ਦੇਣ ਲੱਗਿਆ ਕਈ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਅੱਜ ਗੁਰੂ ਦੇ ਵਜ਼ੀਰਾ ਦੀ ਬਹੁਤ ਬੇਕਦਰੀ ਹੋ ਰਹੀ ਹੈ ਅਤੇ ਨਾਲ ਹੀ ਪਿੰਡਾਂ ਵਿਚ ਕਈ ਕਈ ਗੁਰਦੁਆਰਾ ਸਾਹਿਬ ਉਸਾਰਨ ਕਾਰਨ ਗੁਰੂ ਘਰਾਂ ਵਿਚ ਸੰਗਤ ਘੱਟ ਆ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਖਿਆ ਕਿ ਸਾਨੂੰ ਆਪਣਾ ਪਰਿਵਾਰ ਪਾਲਣਾ ਵੀ ਔਖਾ ਹੋ ਗਿਆ ਹੈ, ਪਰ ਲੱਚਣ ਪੂਣੇ ਵਾਲੇ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਐਸ਼ ਕਰਦੇ ਹਨ। ਇਹ ਸਭ ਕੁਝ ਤਾਂ ਹੀ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਰਾਜਨੀਤਿਕ ਲੋਕਾਂ ਦੇ ਹੱਥਾਂ ਵਿਚ ਚਲੇ ਗਈ ਹੈ। ਹੁਣ ਗੁਰਦੁਆਰਾ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਸਾਰੇ ਗੁਰੂ ਘਰਾਂ ਦੇ ਵਜ਼ੀਰ ਆਪੋ ਆਪਣੇ ਕਮਰ ਕੱਸੇ ਲਵੇ ਅਤੇ ਜੋ ਲੋਕ ਗੁਰੂ ਘਰ ਦੀਆਂ ਬੇਅਦਬੀਆਂ ਕਰ ਰਹੇ ਹਨ, ਉਨ੍ਹਾਂ ਦਾ ਪਰਦਾ ਫਾਸ਼ ਕਰਨ ਲਈ ਸਾਰੇ ਗ੍ਰੰਥੀ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਛਤਰ ਛਾਇਆ ਹੇਠ ਇਕੱਠੇ ਹੋ ਕੇ ਹੰਭਲਾ ਮਾਰਨ।