ਐਮਰਜੈਂਸੀ ਦੀ 42ਵੀਂ ਵਰ੍ਹੇਗੰਢ ਮੌਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

image ਸੰਗਰੂਰ, 22 ਜੂਨ (ਹਰਜੀਤ ਸਿੰਘ ਹਸਨਪੁਰੀ)-ਵਖ-ਵਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਐਮਰਜੈਂਸੀ ਦੀ 42ਵੀਂ ਵਰ੍ਹੇਗੰਢ ਮੌਕੇ ਦੇਸ਼ ਅੰਦਰ ਮੋਦੀ ਸਰਕਾਰ ਵਲੋਂ ਜਮਹੂਰੀ ਹਕਾਂ ਉਪਰ ਲਾਈ ਜਾ ਰਹੀ ਪਾਬੰਦੀ ਅਤੇ ਘਟ ਗਿਣਤੀਆਂ ਤੇ ਦਲਿਤਾਂ ਉਪਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ 26 ਜੂਨ ਨੂੰ ਜ਼ਿਲ੍ਹਾ ਹੈਡ ਕੁਆਟਰ ਉਪਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਥੇ ਸਥਾਨਕ ਗਦਰ ਮੈਮੋਰੀਅਲ ਭਵਨ ਵਿਖੇ ਹੋਈ ਮੀਟਿੰਗ ਵਿਚ ਬੁਲਾਰਿਆਂ ਨੇ ਕਿਹਾ ਕਿ ਜੂਨ 1975 ਵਿਚ ਜਮਹੂਰੀਅਤ ਦਾ ਕਤਲ ਕਰਨ ਲਈ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅਤੇ ਅਜ ਮੋਦੀ ਸਰਕਾਰ ਉਸ ਨਾਲੋਂ ਵੀ ਜ਼ਿਆਦਾ ਖਤਰਨਾਕ ਦਹਿਸ਼ਤ ਭਰਿਆ ਮਾਹੌਲ ਪੈਦਾ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਜਿਥੇ ਦੇਸ਼ ਅੰਦਰ ਲਗਾਤਾਰ ਦਲਿਤਾਂ ਤੇ ਘਟ ਗਿਣਤੀਆਂ ਉਪਰ ਹਮਲੇ ਗਿਣੀ ਮਿਥੀ ਸਾਜਿਸ਼ ਤਹਿਤ ਕੀਤੇ ਜਾ ਰਹੇ ਹਨ ਉਥੇ ਗਊ, ਲਵ ਜਹਾਦ ਤੇ ਮੰਦਰ ਦੇ ਨਾਂਅ ਉਪਰ ਦੇਸ਼ ਨੂੰ ਦੋ ਹਿਸਿਆਂ ਵਿਚ ਵੰਡਿਆ ਜਾ ਰਿਹਾ ਹੈ।ਮੀਟਿੰਗ ਵਿਚ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕਤਰ ਸੁਖਵਿੰਦਰ ਪਪੀ, ਇਸਤਰੀ ਜਾਗਰਤੀ ਮੰਚ ਦੀ ਸੂਬਾ ਆਗੂ ਹਰਪ੍ਰੀਤ ਕੌਰ ਬਬਲੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪ੍ਰਿਥੀ ਸਿੰਘ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਮਿੰਟੂ ਤੇ ਲਖਵੀਰ ਸਿੰਘ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਆਗੂ ਪਰਮਵੇਦ, ਅਤੇ ਪੀ.ਐਸ.ਯੂ. ਦੇ ਆਗੂ ਪ੍ਰਦੀਪ ਕਸਬਾ, ਆਦਿ ਹਾਜ਼ਰ ਸਨ।

Send this to a friend