ਬਰੇਟਾ, 22 ਜੂਨ (ਵਕੀਲ ਬਾਂਸਲ)-ਕਿਸਾਨਾਂ ਦੀ ਹਰ ਪਾਸੇ ਖੱਜਲ ਖੁਆਰੀ ਹੋ ਰਹੀ ਹੈ , ਇਹ ਭਾਵੇਂ ਸਬਸਿਡੀ ਤੇ ਬੀਜ ਲੈਣ ਦਾ ਹੋਵੇ ਜਾਂ ਫਿਰ ਖਾਦ ਵਗੈਰਾ ਪ੍ਰਾਪਤ ਕਰਨੀ ਹੋਵੇ ਜਾਂ ਫਿਰ ਬਿਜਲੀ ਬੋਰਡ ਨਾਲ ਸਬੰਧਿਤ ਕਿਸਾਨਾ ਨੂੰ ਦਿੱਤੇ ਏ.ਪੀ .ਕੁਨੈਕਸ਼ਨਾਂ ਦਾ ਹੋਵੇ । ਪਿਛਲੇ ਸਾਲ ਕਿਸਾਨਾ ਨੂੰ ਝੋਨੇ ਦੇ ਸੀਜਨ ਤੋਂ ਪਹਿਲਾ ਦਿੱਤੇ ਕੁਨੈਕਸ਼ਨਾਂ ਦੀ ਖੱਜਲ ਖੁਆਰੀ ਅਜੇ ਵੀ ਜਾਰੀ ਹੈ ਅਤੇ ਕਿਸਾਨ ਬਿਜਲੀ ਬੋਰਡ ਵਿੱਚ ਗੇੜੇ ਮਾਰ ਮਾਰ ਕੇ ਅੱਕ ਚੁੱਕੇ ਹਨ ਪਰ ਫਿਰ ਵੀ ਹੱਥ ਪੱਲੇ ਕੁਝ ਨਹੀਂ ਪੈ ਰਿਹਾ । ਭਾਵੇਂ ਬਿਜਲੀ ਬੋਰਡ ਵੱਲੋਂ ਕਿਸਾਨਾ ਤੋਂ ਕੁਨੈਕਸਨ ਦੀ ਕੀਮਤ ਇੱਕ ਸਮੇਂ ਹੀ ਵਸੂਲ ਲਈ ਗਈ ਸੀ ਪਰ ਉਸਦਾ ਸਮਾਨ ਅਜੇ ਤੱਕ ਬਿਜਲੀ ਬੋਰਡ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦੇ ਨਾਲ ਨਾਲ ਬਿਜਲੀ ਬੋਰਡ ਵਾਲਾ ਨੂੰ ਭੇਟਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸਮਾਨ ਪੂਰਾ ਨਾ ਮਿਲਣ ਕਾਰਨ ਆਪਣੇ ਪੱਲਿਓ ਖਰਚ ਕਰਕੇ ਡੰਗ ਸਾਰਨਾ ਪੈ ਰਿਹਾ ਹੈ ।ਸਥਾਨਕ ਬਿਜਲੀ ਬੋਰਡ ਵਿੱਚ ਅੱਜ ਕਈ ਕਿਸਾਨ ਆਪਣੇ ਏ.ਪੀ.ਕੁਨੈਕਸ਼ਨਾਂ ਦੀਆਂ ਕਾਪੀਆਂ (ਪਾਸਬੁੱਕ) ਬਣਾਉਣ ਲਈ ਪਹੁੰਚੇ ਹੋਏ ਸਨ । ਪਰ ਇਸ ਨਾਲ ਸਬੰਧਿਤ ਕਰਮਚਾਰੀ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਗਾਕੇ ਕਿਸਾਨਾ ਨੂੰ ਤੰਗ ਕਰ ਰਿਹਾ ਸੀ ਅਤੇ ਕਾਪੀ ਬਣਾਉਣ ਲਈ ਘੋਸ਼ਣਾ ਪੱਤਰ ਦੀ ਮੰਗ ਕਰ ਰਿਹਾ ਸੀ ਪਰ ਮਜਬੂਰੀ ਵਸ ਕਿਸਾਨ ਘੋਸ਼ਣਾ ਪੱਤਰ ਦੇ ਰਹੇ ਸਨ ਜਦੋ ਕਿ ਪਾਵਰਕਾਮ ਵੱਲੋਂ ਕਾਪੀ ਬਣਾਉਣ ਲਈ ਘੋਸਣਾ ਪੱਤਰ ਦੇਣ ਵਾਲਾ ਕੋਈ ਵੀ ਸਰਕੂਲਰ (ਪੱਤਰ) ਜਾਰੀ ਨਹੀਂ ਹੋਇਆ।
ਇਸ ਸਬੰਧੀ ਜਦੋ ਪਾਵਰਕਾਮ ਦੇ ਸਥਾਨਕ ਕਾਰਜਕਾਰੀ ਇੰਜਨੀਅਰ ਦਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜੇ ਤੱਕ ਇਹ ਮਾਮਲਾ ਨਹੀਂ ਆਇਆ ਪ੍ਰੰਤੂ ਉਨ੍ਹਾਂ ਸਬੰਧਿਤ ਕਰਮਚਾਰੀ ਨੂੰ ਹਦਾਇਤ ਕੀਤੀ ਕਿ ਕਿਸਾਨਾ ਤੋਂ ਬਿਨ੍ਹਾਂ ਘੋਸ਼ਣਾ ਪੱਤਰ ਲਏ ਉਨ੍ਹਾਂ ਦੀਆਂ ਕਾਪੀਆਂ ਤਰੁੰਤ ਬਣਾਈਆਂ ਜਾਣ ।