ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ‘ਵਿਸ਼ਵ ਸੰਗੀਤ ਦਿਵਸ’

image ਪਟਿਆਲਾ, 21 ਜੂਨ (ਪੰਜਾਬ ਟਾਇਮਜ਼ ਬਿਊਰੋ)-ਖ਼ਾਲਸਾ ਕਾਲਜ, ਪਟਿਆਲਾ ਵਿੱਚ ਵਿਸ਼ਵ ਸੰਗੀਤ ਦਿਵਸ ਮੌਕੇ ਸੰਗੀਤ ਮਹਿਫਲ ਸਜਾਈ ਗਈ। ਇਸ ਮੌਕੇ ਡਾ. ਧਰਮਿੰਦਰ ਸਿੰਘ ਉਭਾ ਨੇ ਦੱਸਿਆ ਕਿ ਵਿਸ਼ਵ ਸੰਗੀਤ ਦੀ ਸ਼ੁਰੂਆਤ 1982 ਵਿੱਚ ਫਰਾਂਸ ਵਿੱਚ ਸੰਗੀਤ ਦਿਵਸ ਵਜੋਂ ਹੋਈ ਸੀ ਅਤੇ ਇਸ ਸਮੇਂ ਲਗਭਗ 120 ਦੇਸ਼ਾਂ ਵਿੱਚ 21 ਜੂਨ ਦਾ ਦਿਨ ਵਿਸ਼ਵ ਸੰਗੀਤ ਦਿਵਸ ਵਜੋਂ ਮਨਾਇਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਿੱਖ ਵਿਰਾਸਤ ਦਾ ਸੰਗੀਤ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਭਿਆਚਾਰਕ ਤੌਰ ਤੇ ਵੀ ਪੰਜਾਬੀ ਲੋਕ ਜਨਮ ਤੋਂ ਲੈ ਕੇ ਮੌਤ ਤੱਕ ਹਰ ਪੜਾਅ ਉਤੇ ਸੰਗੀਤ ਨਾਲ ਇਕ-ਮਿਕ ਰਹਿੰਦੇ ਹਨ। ਡਾ. ਉਭਾ ਨੇ ਕਿਹਾ ਕਿ ਸੰਗੀਤ ਦਾ ਹਰ ਜ਼ਿੰਦਗੀ ਵਿੱਚ ਬੜਾ ਮਹੱਤਵਪੂਰਣ ਯੋਗਦਾਨ ਹੈ ਅਤੇ ਉਨ੍ਹਾਂ ਨੇ ਵਿਸ਼ਵ ਸੰਗੀਤ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਸੰਗੀਤ ਮਹਿਫਲ ਦਾ ਆਗਾਜ਼ ਸੰਗੀਤ ਗਾਇਨ ਵਿਭਾਗ ਦੇ ਮੁਖੀ ਡਾ. ਜਗਜੀਤ ਸਿੰਘ ਨੇ ਕੀਤਾ ਉਨ੍ਹਾਂ ਨੇ ਸਵ: ਜਗਜੀਤ ਸਿੰਘ ਦੀਆਂ ਗਾਈਆਂ ਗ਼ਜ਼ਲਾਂ ਦਾ ਪੁਨਰ ਗਾਇਨ ਕੀਤਾ ਅਤੇ ਡਾ. ਉਭਾ ਦੀਆਂ ਮਕਬੂਲ ਗ਼ਜ਼ਲਾਂ ਦਾ ਗਾਇਨ ਪੇਸ਼ ਕਰਕੇ ਸਰੋਤਿਆਂ ਨੂੰ ਸਰਸ਼ਾਰ ਕੀਤਾ।
‘ਸ਼ੂਕਦੇ ਦਰਿਆਵਾਂ ਵਾਂਗੂੰ ਵਗਦੇ ਰਹੇ ਯਾਰੋ ਸਦਾ
ਜਿਧਰ ਨੂੰ ਵੀ ਚਲ ਪਏ ਆਪਣਾ ਰਸਤਾਬਣਾ ਲਿਆ।’ ਇਸ ਸੰਗੀਤ ਮਹਿਫਲ ਵਿੱਚ ਤਬਲਾ ਦੀ ਸੰਗਤ ਸ. ਤੇਜਿੰਦਰ ਸਿੰਘ ਨੇ ਕੀਤੀ। ਪ੍ਰੋ. ਜਸਪ੍ਰੀਤ ਕੌਰ ਅਤੇ ਕੰਵਰਪ੍ਰੀਤ ਸਿੰਘ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ. ਸਿਮਰਜੀਤ ਸਿੰਘ, ਮੀਤ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਅਤੇ ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਹਾਜ਼ਰ ਸਨ।

Send this to a friend