ਅਸਮਾਨੀ ਬਿਜਲੀ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ
ਬਠਿੰਡਾ, 21 ਜੂਨ (ਇੰਦਰਜੀਤ ਨਥਾਣਾ)-ਕੌਮੀ ਆਫਤ ਪ੍ਰਬੰਧਨ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵਲੋਂ ਅੱਜ ਅਸਮਾਨੀ ਬਿਜਲੀ ਤੋਂ ਬਚਣ ਦੇ ਨੁਕਤੇ ਲੋਕ ਭਲਾਈ ਲਈ ਜਾਰੀ ਕੀਤੇ ਗਏ। ਇਸ ਸਬੰਧੀ ਜਾਰੀ ਬਿਆਨ ’ਚ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਅਸਮਾਨੀ ਬਿਜਲੀ ਦੌਰਾਨ ਕਿਸੇ ਵੀ ਮੋਬਾਇਲ ਫੋਨ ਜਾਂ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਨਾ ਕੀਤੀ ਜਾਵੇ। ਇਸੇ ਤਰ੍ਹਾਂ ਅਸਮਾਨੀ ਬਿਜਲੀ ਦੇ ਤੁਰੰਤ ਬਾਅਦ ਕਿਸੇ ਵੀ ਬਿਜਲੀ ’ਤੇ ਚੱਲਣ ਵਾਲੇ ਯੰਤਰ ਦੀ ਵਰਤੋਂ ਵੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਦੌਰਾਨ ਪਾਣੀ ਦੀ ਵਰਤੋਂ ਜਿਵੇਂ ਕਿ ਹੱਥ ਧੋਣਾ, ਨਹਾਉਣਾ, ਭਾਂਡੇ ਸਾਫ਼ ਕਰਨਾ ਜਾਂ ਕੱਪੜੇ ਧੋਣ ਦਾ ਕੰਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਾ ਤਾਂ ਸੀਮਿੰਟ ਦੇ ਫਰਸ਼ ’ਤੇ ਲੇਟਣਾ ਚਾਹੀਦਾ ਹੈ ਅਤੇ ਨਾ ਹੀ ਸੀਮਿੰਟ ਦੀਆਂ ਦੀਵਾਰਾਂ ਦੇ ਸਹਾਰੇ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸਮਾਨੀ ਬਿਜਲੀ ਦੌਰਾਨ ਕਿਸੇ ਇਮਾਰਤ ’ਚੋਂ ਬਾਹਰ ਹੈ ਤਾਂ ਉਹ ਕਿਸੇ ਵੀ ਦਰੱਖਤ ਨੇੜੇ ਜਾਂ ਉਸ ਦੇ ਥੱਲੇ ਨਾ ਖੜ੍ਹਾ ਹੋਵੇ ਅਤੇ ਬਿਜਲੀ ਦੀਆਂ ਢਿੱਲੀ ਤਾਰਾਂ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਜ਼ਿਆਦਾਤਰ ¦ਬੇ ਅਤੇ ਉੱਚੀਆਂ ਚੀਜਾਂ ’ਤੇ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਉਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਜ਼ਖਮ ਹੋਏ ਹਨ ਤਾਂ ਉਸ ਨੂੰ ਇਕ-ਦਮ ਹੱਥ ਲਗਾਇਆ ਜਾ ਸਕਦਾ ਹੈ ਤਾਂ ਜੋ ਉਸ ਦੀ ਮਦਦ ਕੀਤੀ ਜਾ ਸਕੇ। ਸ਼੍ਰੀ ਲਾਕਰਾ ਨੇ ਕਿਹਾ ਕਿ ਅਸਮਾਨੀ ਬਿਜਲੀ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਣ ਲਈ ਜ਼ਰੂਰੀ ਹੈ ਕਿ ਘਰ ’ਚ ਇੱਕ ਐਮਰਜੈਂਸੀ ਕਿੱਟ ਰੱਖੀ ਜਾਵੇ। ਜਿਵੇਂ ਹੀ ਤੇਜ਼ ਹਵਾਵਾਂ ਜਾਂ ਕਾਲੇ ਬੱਦਣ ਛਾਣੇ ਸ਼ੁਰੂ ਹੁੰਦੇ ਹਨ ਉਵੇਂ ਹੀ ਸਾਰੇ ਬਿਜਲੀ ਦੇ ਯੰਤਰ ਬੰਦ ਕਰ ਦਿੱਤੇ ਜਾਣ ਅਤੇ ਪਲੱਗ ਕੱਢ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜਿਥੇ ਤੱਕ ਹੋ ਸਕੇ ਤੇਜ਼ ਹਵਾਵਾਂ ਅਤੇ ਅਸਮਾਨੀ ਬਿਜਲੀ ਦੌਰਾਨ ਲੋਕ ਆਪਣੇ ਘਰਾਂ ’ਚ ਹੀ ਰਹਿਣ ਅਤੇ ਅਸਮਾਨੀ ਬਿਜਲੀ ਦੀ ਆਖਰੀ ਆਵਾਜ਼ ਤੋਂ 30 ਮਿੰਟ ਬਾਅਦ ਬਾਹਰ ਨਿਕਲਣ। ਜੇਕਰ ਕੋਈ ਵਿਅਕਤੀ ਆਪਣੇ ਘਰ ਤੋਂ ਬਾਹਰ ਹੈ ਤਾਂ ਉਹ ਦਰੱਖਤਾਂ ਤੋਂ ਦੂਰ ਰਹੇ। ਜੇਕਰ ਪਾਣੀ ’ਚ ਹੈ ਤਾਂ ਬਾਹਰ ਆ ਜਾਣ। ਜੇਕਰ ਉਹ ਖੁੱਲ੍ਹੇ ਮੈਦਾਨ ’ਤੇ ਹੈ ਤਾਂ ਆਪਣੇ ਪੈਰਾਂ ਭਾਰ ਬੈਠ ਕੇ ਦੋਨੇ ਕੰਨ ਹੱਥਾਂ ਨਾਲ ਬੰਦ ਕਰਕੇ ਆਪਣਾ ਸਿਰ ਗੋਡਿਆਂ ’ਚ ਰੱਖ ਕੇ ਬੈਠ ਜਾਵੇ। ਸ਼੍ਰੀ ਲਾਕਰਾ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਅਸਮਾਨੀ ਬਿਜਲੀ ਕਾਰਨ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਉਸ ਨੂੰ ਹੱਥ ਲਗਾਉਣਾ ਸੁਰੱਖਿਅਤ ਹੋਵੇਗਾ।