ਬੋਹਾ, 13 ਜੂਨ (ਸੰਤੋਖ ਸਾਗਰ)-ਧਰਤੀ ਹੇਠਲੇ ਖਾਰੇ ਤੇ ਦੂਸ਼ਿਤ ਪਾਣੀ ਦਾ ਸੰਤਾਪ ਹੰਢਾ ਰਹੇ ਮਾਲਵਾ ਖਿੱਤੇ ਦੇ ਕਿਸਾਨਾਂ ਦੀ ਨਿੱਘਰਦੀ ਜਾ ਰਹੀ ਆਰਥਿਤਾ ਨੂੰ ਹੁਲਾਰਾ ਦੇਣ ਲਈ ਤੇ ਸਿਚਾਈ ਯੋਗ ਨਹਿਰੀ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਲਈ ਸਿੰਚਾਈ ਖਾਲਾਂ ਦੀ ਉਸਾਰੀ ਸਬੰਧੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਜਾਰੀ ਕੀਤੀ 900 ਕਰੋੜ ਰੁਪਏ ਦੀ ਰਾਸ਼ੀ ਪੂਰੀ ਤਰਾਂ ਭ੍ਰਿਸ਼ਟ ਬਾਬੂ ਤੰਤਰ ਦੀ ਭੇਟ ਚੜ੍ਹ ਚੁੱਕੀ ਹੈ ਤੇ ਮਾਲਵਾ ਖਿੱਤੇ ਦੇ ਕਿਸਾਨਾਂ ਦੀ ਮੰਦੀ ਆਰਥਿਕਤਾ ਦਾ ਪਰਨਾਲਾ ਉਥੇ ਦਾ ਉਥੇ ਹੀ ਰਹਿ ਗਿਆ ਹੈ।ਕਿਉਕਿ ਪੰਜਾਬ ਦੀ ਸੱਤਾ ਤਬਦੀਲੀ ਹੁੰਦਿਆਂ ਹੀ ਠੇਕੇਦਾਰਾਂ ਅਤੇ ਸਰਕਾਰੀ ਮੁਲਾਜਮਾਂ ਨੇ ਅੱਖਾਂ ਫੇਰ ਲਈਆਂ ਹਨ। ਜਿਸ ਦੇ ਚਲਦਿਆਂ ਵੱਡੀ ਗਿਣਤੀ ਠੇਕੇਦਾਰਾਂ ਵੱਲੋ ਪ੍ਰਾਪਤ ਕੀਤੇ ਸਿੰਚਾਈ ਖਾਲਾਂ ਦੀ ਉਸਾਰੀ ਦਾ ਕੰਮ ਅੱਧ ਵਾਟੇ ਹੈ।ਮਾਨਸਾ ਜਿਲ੍ਹੇ ਦਾ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਤੇ ਇਹ ਗੱਲ ਉਭਰਕੇ ਸਾਹਮਣੇ ਆਈ ਕਿ ਉਸਾਰੀ ਕੀਤੇ ਗਏ ਨਵੇ ਸਿੰਚਾਈ ਖਾਲਾਂ ਦੇ ਟੈਡਰਾਂ ਮੁਤਾਬਕ ਇੰਨਾਂ ਨਾਲ ਮਿੱਟੀ ਲਗਾਉਣ ਦਾ ਕੰਮ ਵੀ ਠੇਕੇਦਾਰ ਦੁਆਰਾ ਕੀਤਾ ਜਾਣਾ ਸੀ ਪਰ ਮਹਿਜ ਕੁਝ ਕੁ ਪਿੰਡਾਂ ਨੂੰ ਛੱਡਕੇ ਜਿਲ੍ਹੇ ਅੰਦਰ ਉਸਾਰੀ ਕੀਤੇ ਨਵੇ ਸਿੰਚਾਈ ਖਾਲਾਂ ਨਾਲ ਮਿੱਟੀ ਲਗਾਉਣ ਦਾ ਕੰਮ ਅੱਜ ਵੀ ਅੱਧਵਾਟੇ ਹੈ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਭ੍ਰਿਸ਼ਟ ਬਾਬੂਤੰਤਰ ਦੇ ਤਾਣੇ-ਬਾਣੇ ਨਾਲ ਠੇਕੇਦਾਰ ਕੰਮ ਦੀ ਪੂਰੀ ਅਦਾਇਗੀ ਪ੍ਰਾਪਤ ਕਰਨ ਚ ਸਫਲ ਹੋ ਚੁੱਕੇ ਹਨ ਜਦਿਕ ਉਸਾਰੀ ਕੀਤੇ ਖਾਲਾਂ ਨਾਲ ਮਿੱਟੀ ਲਗਈ ਹੀ ਨਹੀ ਗਈ। ਕਿਸਾਨ ਅਵਤਾਰ ਸਿੰਘ ਗੰਢੂ ਖੁਰਦ, ਜੀਤ ਸਿੰਘ ਲੱਖੀਵਾਲਾ ਅਤੇ ਅਵਤਾਰ ਸਿੰਘ ਗਾਮੀਵਾਲਾ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਤਾਂ ਕੰਮ ਠੀਕ-ਠਾਕ ਚਲਦਾ ਰਿਹਾ ਪਰ ਸਰਕਾਰ ਤਬਦੀਲੀ ਉਪਰੰਤ ਖਾਲਾਂ ਦੀ ਉਸਾਰੀ ਕਰਨ ਦਾ ਜਿੰਮਾਂ ਲੈਣ ਵਾਲੇ ਠੇਕੇਦਾਰ ਅੱਧਵਾਟੇ ਛੱਡ ਚੁੱਕੇ ਹਨ। ਉਨਾਂ ਮੰਗ ਕੀਤੀ ਕਿ ਠੇਕੇਦਾਰਾਂ ਦੁਆਰਾ ਕਰਵਾਏ ਕੰਮ ਦੀ ਗੁਣਵੱਤਾ ਅਤੇ ਸਟੇਟਸ ਦੀ ਕਿਸੇ ਨਿਰਪੱਖ ਏਜੰਸੀ ਤੋ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਭਾਗ ਦੇ ਮੁਲਾਜਮਾਂ ਅਤੇ ਠੇਕੇਦਾਰਾਂ ਖਿਲਾਫ ਭ੍ਰਿਸ਼ਟਾਚਾਰ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਜਾਣ।
ਓਧਰ ਜਦ ਇਸ ਪੂਰੇ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਤੇ ਪਹਿਲਾਂ ਵੀ ਇੱਕ ਪੱਤਰ ਲਿਖਕੇ ਮੈ ਪੰਜਾਬ ਸਰਕਾਰ ਨੂੰ ਜਾਣੂ ਕਰਵਾ ਚੁੱਕਾ ਹਾਂ।ਉਨਾਂ ਖਾਲਾਂ ਦੀ ਉਸਾਰੀ ਦੇ ਕੰਮਾਂ ਦੀ ਨਿਰਪੱਖ ਜਾਂਚ ਕਰਾਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਅਧਿਕਾਰੀ ਅਤੇ ਠੇਕੇਦਾਰ ਨੂੰ ਬਖਸ਼ਿਆ ਨਹੀ ਜਾਵੇਗਾ। ਉਨਾਂ ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ ਤੇ ਪਹਿਲਾਂ ਹੀ ਸਖਤ ਰੁੱਖ ਹੈ ਤੇ ਮਿਲੀਭੁਗਤ ਕਰਨ ਵਾਲੇ ਅਧਿਕਾਰੀ ਆਪਣੀਆਂ ਆਦਤਾਂ ਤੋ ਬਾਂਝ ਆਉਣ।