ਰਾਂਚੀ, 3 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-17 ਸਾਲ ਪੁਰਾਣੇ ਚਾਰਾ ਘੁਟਾਲੇ ਦੇ ਮਾਮਲੇ ਵਿੱਚ ਚਾਰ ਦਿਨ ਪਹਿਲਾਂ ਦੋਸ਼ੀ ਕਰਾਰ ਦਿੱਤੇ ਗਏ ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ 5 ਸਾਲ ਦੀ ਸਜ਼ਾ ਸੁਣਾਈ ਹੈ ਅਤੇ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਅਤੇ ਜਨਤਾ ਦਲ (ਯੂ) ਸੰਸਦ ਮੈਂਬਰ ਜਗਦੀਸ਼ ਸ਼ਰਮਾ ਨੂੰ ਵੀ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਕ੍ਰਮਵਾਰ 2 ਅਤੇ 5 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਆਰ.ਕੇ. ਰਾਣਾ, ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਬੀ.ਐੱਨ. ਸ਼ਰਮਾ, ਜੀ. ਐੱਸ. ਪ੍ਰਸਾਦ ਅਤੇ ਕੇ. ਐੱਮ. ਪ੍ਰਸਾਦ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਡੇਢ-ਡੇਢ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ।

ਅਦਾਲਤ ਨੇ 30 ਸਤੰਬਰ ਨੂੰ ਚਾਰਾ ਘੁਟਾਲੇ ਵਿੱਚ ਚਾਈਬਾਸਾ ਖਜ਼ਾਨੇ ‘ਚੋਂ 37.70 ਕਰੋੜ ਰੁਪਏ ਨਜਾਇਜ਼ ਢੰਗ ਨਾਲ ਕੱਢਣ ਦੇ ਸਿਲਸਿਲੇ ਵਿੱਚ 45 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਵਿਸ਼ੇਸ਼ ਜੱਜ ਪ੍ਰਭਾਸ਼ ਕੁਮਾਰ ਸਿੰਘ ਨੇ ਉਸੇ ਦਿਨ 8 ਦੋਸ਼ੀਆਂ ਨੂੰ 3-3 ਸਾਲ ਦੀ ਸਜ਼ਾ ਅਤੇ 50 ਹਜ਼ਾਰ ਤੋਂ 5 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਸੀ। ਅੱਜ ਲਾਲੂ ਪ੍ਰਸਾਦ ਯਾਦਵ ਸਮੇਤ 36 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ, ਜਿਨ੍ਹਾਂ ਵਿੱਚ 6 ਰਾਜ ਨੇਤਾ, 5 ਆਈ.ਏ. ਐੱਸ. ਅਧਿਕਾਰੀ ਅਤੇ 20 ਸਪਲਾਇਰ ਸ਼ਾਮਿਲ ਹਨ। ਜਦ ਵੀ.ਡੀ.ਓ. ਕਾਨਫਰੰਸ ਦੇ ਜ਼ਰੀਏ ਲਾਲੂ ਪ੍ਰਸਾਦ ਯਾਦਵ ਨੂੰ ਸਜ਼ਾ ਸੁਣਾਈ ਗਈ ਤਦ ਉਹ ਜੱਜ ਦੇ ਸਾਹਮਣੇ ਗੁਹਾਰ ਲਗਾਉਂਦੇ ਰਹੇ। ਉਨ੍ਹਾਂ ਨੇ ਜੱਜ ਨੂੰ ਕਿਹਾ, ‘ਹਜ਼ੂਰ ਹਮਨੇ ਕੁਛ ਨਹੀਂ ਕੀਆ। ਇਤਨੀ ਸਜ਼ਾ ਨਾ ਦੀ ਜਾਏ।’ ਸਜ਼ਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਚਿਹਰੇ ਉੱਤੇ ਉਦਾਸੀ ਛਾ ਗਈ। ਸਜ਼ਾ ਮਿਲਣ ਤੋਂ ਬਾਅਦ ਹੁਣ ਲਾਲੂ ਪ੍ਰਸਾਦ ਦੀ ਸੰਸਦ ਮੈਂਬਰੀ ਵੀ ਚਲੀ ਜਾਵੇਗੀ।
ਲਾਲੂ ਰਾਜਨੀਤਕ ਸਾਜ਼ਿਸ਼ ਦਾ ਸ਼ਿਕਾਰ : ਰਾਬੜੀ ਦੇਵੀ
ਪਟਨਾ-ਚਾਰਾ ਘੁਟਾਲੇ ‘ਚ ਰਾਂਚੀ ਦੀ ਵਿਸ਼ੇਸ਼ ਅਦਾਲਤ ਵੱਲੋਂ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਇਸ ਨੂੰ ਰਾਜਨੀਤਕ ਸਾਜਿਸ਼ ਦੱਸਦੇ ਹੋਏ ਕਿਹਾ ਹੈ ਕਿ ਲਾਲੂ ਪ੍ਰਸਾਦ ਨਾਇਕ ਹਨ ਅਤੇ ਹਮੇਸ਼ਾ ਰਹਿਣਗੇ। ਰਾਜਦ ਦੇ ਪ੍ਰਮੱਖ ਆਗੂ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਲੱਗਦਾ ਸੀ ਕਿ ਗਰੀਬਾਂ ਅਤੇ ਦਲਿਤਾਂ ਦੀ ਅਵਾਜ਼ ਬਣਨ ਵਾਲੇ ਅਤੇ ਧਰਮਨਿਰਪੇਖ ਤਾਕਤਾਂ ਨੂੰ ਮਜ਼ਬੂਤ ਕਰਨ ਵਾਲੇ ਨੂੰ ਇਹੀ ਭੁਗਤਣਾ ਪਵੇਗਾ। ਸੀ. ਬੀ. ਆਈ. ਅਦਾਲਤ ਨੇ ਇਸ ਮਾਮਲੇ ‘ਚ ਲਾਲੂ ਨੂੰ ਪੰਜ ਸਾਲ ਦੀ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸਬੰਧੀ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਲਾਲੂ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਬਣੇ ਹਨ। ਇਸ ਸਾਜਿਸ਼ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਭਾਜਪਾ ਦਾ ਮੁੱਖ ਹੱਥ ਹੈ।