ਸਰਕਾਰ ਬਣਨ ਤੋਂ 70 ਦਿਨਾਂ ਵਿੱਚ ਹੋਈਆਂ 70 ਕਿਸਾਨ ਖ਼ੁਦਕੁਸ਼ੀਆਂ

image ਸੰਗਰੂਰ, 12 ਜੂਨ (ਹਰਜੀਤ ਸਿੰਘ ਹਸਨਪੁਰੀ)- ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਕਿਸਾਨ-ਮਜ਼ਦੂਰਾਂ ਵਲੋਂ ਖ਼ੁਦਕੁਸ਼ੀਆਂ ਦੀ ਰਿਪੋਰਟ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਨਵੀਂ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਸਿਰਫ਼ 70 ਦਿਨਾਂ ਵਿਚ 70 ਕਿਸਾਨ-ਮਜ਼ਦੂਰਾਂ ਦੀਆਂ 70 ਖ਼ੁਦਕੁਸ਼ੀਆਂ ਹੋਈਆਂ ਹਨ ਜੋ ਕਿ ਹੁਣ ਤਕ ਦੇ ਅੰਕੜਿਆਂ ਤੋਂ ਸਭ ਤੋਂ ਵਧ ਹਨ।ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਖੁਦਕੁਸ਼ੀਆਂ ਦੀ ਰਿਪੋਰਟ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਆਗੂ ਸੁਖਪਾਲ ਸਿੰਘ ਮਾਣਕ ਅਤੇ ਰਾਜਪਾਲ ਸਿੰਘ ਮੰਗਵਾਲ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਕਿਸਾਨ ਖ਼ੁਦਕੁਸ਼ੀਆਂ ਰੋਕਣ ਦਾ ਵਾਅਦਾ ਕਰ ਕੇ ਕਾਂਗਰਸ ਪੰਜਾਬ ਦੀ ਸਤਾ ‘ਤੇ ਕਾਬਜ਼ ਹੋਈ ਸੀ। ਪੰਜਾਬ ਦੇ ਲੋਕਾਂ ਨੂੰ ਵਡੀ ਉਮੀਦ ਸੀ ਕਿ ਨਵੀਂ ਸਰਕਾਰ ਬਣਨ ਨਾਲ ਹੁਣ ਸ਼ਾਇਦ ਕਿਸਾਨ-ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੁਕ ਜਾਣਗੀਆਂ ਪਰੰਤੂ ਖ਼ੁਦਕੁਸ਼ੀਆਂ ਰੁਕਣ ਦੀ ਬਜਾਏ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਖ਼ੁਦਕੁਸ਼ੀਆਂ ਕਰ ਚੁਕੇ ਕਿਸਾਨ-ਮਜ਼ਦੂਰਾਂ ਦੀ ਸੂਚੀ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਪਿਛਲੇ 70 ਦਿਨਾਂ ਵਿਚ 70 ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਗਏ ਹਨ ਅਤੇ ਇਹ ਅੰਕੜੇ ਸਭ ਤੋਂ ਵਧ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀ ਵਲੋਂ ਕੁਝ ਅਖ਼ਬਾਰਾਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਖ਼ੁਦਕੁਸ਼ੀਆਂ ਦੀ ਰਿਪੋਰਟ ਤਿਆਰ ਕੀਤੀ ਹੈ ਜੋ ਪੂਰੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਕੰਮਲ ਸਰਵੇ ਨਾਲ ਖ਼ੁਦਕੁਸ਼ੀਆਂ ਦੀ ਗਿਣਤੀ ਮੌਜੂਦਾ ਗਿਣਤੀ ਨਾਲੋਂ ਦੁਗਣੀ ਹੋਵੇਗੀ। ਖ਼ੁਦਕੁਸ਼ੀਆਂ ਕਰਨ ਵਾਲੇ 70 ਕਿਸਾਨ-ਮਜ਼ਦੂਰਾਂ ਦੀ ਜਾਰੀ ਕੀਤੀ ਸੂਚੀ 1 ਅਪਰੈਲ 2017 ਤੋਂ ਲੈ ਕੇ 10 ਜੂਨ 2017 ਤਕ ਦੀ ਹੈ ਜਿਸ ਵਿਚ ਖ਼ੁਦਕੁਸ਼ੀ ਦੀ ਮਿਤੀ, ਕਿਸਾਨ ਦਾ ਨਾਮ ਅਤੇ ਪਤਾ ਵੀ ਸ਼ਾਮਲ ਹੈ। ਇਕ-ਇਕ ਦਿਨ ਵਿਚ ਤਿੰਨ ਤੋਂ ਲੈ ਕੇ ਚਾਰ ਕਿਸਾਨਾਂ ਵਲੋਂ ਖ਼ੁਦਕੁਸ਼ੀਆਂ ਹੋਈਆਂ ਦਰਸਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸਤਾ ‘ਤੇ ਕਾਬਜ਼ ਹੋਇਆ ਲਗਭਗ ਢਾਈ ਮਹੀਨੇ ਤੋਂ ਵਧ ਸਮਾਂ ਹੋ ਚੁਕਿਆ ਹੈ ਪਰੰਤੂ ਕਿਸਾਨ ਖ਼ੁਦਕੁਸੀਆਂ ਰੋਕਣ ਦਾ ਵਾਅਦਾ ਜਿਉਂ ਦਾ ਤਿਉਂ ਹੈ। ਉਨ੍ਹਾਂ ਦਸਿਆ ਕਿ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਕੀਤਾ ਵਾਅਦਾ ਪੂਰਾ ਕਰਾਉਣ, ਖ਼ੁਦਕੁਸ਼ੀਆਂ ਰੋਕਣ ਲਈ ਠੋਸ ਕਦਮ ਚੁਕਣ, ਮਧ ਪ੍ਰਦੇਸ਼ ਵਿਚ ਕਿਸਾਨਾਂ ਦੀ ਹੋਈ ਹਤਿਆ ਦੇ ਵਿਰੋਧ ਆਦਿ ਕਿਸਾਨ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਭਲਕੇ 12 ਜੂਨ ਨੂੰ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਟਰਾਂ ‘ਤੇ ਕਿਸਾਨ-ਮਜ਼ਦੂਰਾਂ ਵਲੋਂ ਰੋਸ ਧਰਨੇ ਦਿਤੇ ਜਾ ਰਹੇ ਹਨ।

Send this to a friend